ਜਸਵੰਤ ਜੱਸ
ਫਰੀਦਕੋਟ, 2 ਜੂਨ
ਫ਼ਰੀਦਕੋਟ ਜ਼ਿਲ੍ਹੇ ਦੀਆਂ ਵੱਖ-ਵੱਖ ਜੱਥੇਬੰਦੀਆਂ ਨੇ ਬਾਵਰੀਆ ਸਮਾਜ ਦੀ ਅਗਵਾਈ ਵਿੱਚ ਅੱਜ ਇੱਥੇ ਜ਼ਿਲ੍ਹਾ ਪੁਲੀਸ ਮੁਖੀ ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਦੋਸ਼ ਲਾਇਆ ਕਿ ਪੁਲੀਸ ਚੌਕੀ ਗੋਲੇਵਾਲਾ ’ਚ ਕੁਝ ਦਿਨ ਪਹਿਲਾਂ ਪਿੰਡ ਕਾਬਲਵਾਲਾ ਦੇ ਇੱਕ ਨੌਜਵਾਨ ਵਾਹਿਗੁਰੂ ਸਿੰਘ ਦੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ ਗਈ ਤੇ ਬਾਅਦ ’ਚ ਇਸੇ ਨੌਜਵਾਨ ਖ਼ਿਲਾਫ਼ ਹੀ ਪੁਲੀਸ ਦੀ ਵਰਦੀ ਪਾੜਨ ਤੇ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕਰ ਲਿਆਗਿਆ। ਬਾਵਰੀਆ ਸਮਾਜ ਦੇ ਆਗੂ ਸਰਬਣ ਸਿੰਘ ਪੰਜਗਰਾਈਂ ਤੇ ਮਾਸਟਰ ਅਮਰਜੀਤ ਸਿੰਘ ਨੇ ਕਿਹਾ ਕਿ ਪੁਲੀਸ ਨੇ ਨੌਜਵਾਨ ਦੀ ਕੁੱਟਮਾਰ ਬਿਨਾਂ ਵਜ੍ਹਾ ਕੀਤੀ ਤੇ ਬਾਅਦ ਵਿੱਚ ਉਸ ਖ਼ਿਲਾਫ਼ ਪਰਚਾ ਦਰਜ ਕਰਕੇ ਕਾਨੂੰਨ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਹਨ।
ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਦਰਜ ਕੀਤਾ ਗਿਆ ਮੁਕੱਦਮਾ ਰੱਦ ਕਰਵਾਉਣ ਤੇ ਨੌਜਵਾਨ ਵਾਹਿਗੁਰੂ ਸਿੰਘ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਈ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਫ਼ਰੀਦਕੋਟ ਜ਼ਿਲ੍ਹੇ ਦੀਆਂ ਇੱਕ ਦਰਜਨ ਤੋਂ ਵੱਧ ਜੱਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਹੈ। ਨੌਨਿਹਾਲ ਸਿੰਘ, ਲਖਵੀਰ ਸਿੰਘ ਖਾਲਸਾ, ਕਾਮਰੇਡ ਗੁਰਨਾਮ ਸਿੰਘ, ਗੁਰਦੇਵ ਸਿੰਘ ਚਰਨ, ਕਰਨੈਲ ਸਿੰਘ, ਹਰਜਿੰਦਰ ਸਿੰਘ, ਗੁਰਜੀਤ ਸਿੰਘ, ਮਹਿੰਦਰ ਸਿੰਘ, ਭਜਨ ਮਰਖਾਈ, ਰਾਮ ਸਿੰਘ, ਹਰਨੇਕ ਸਿੰਘ, ਗੁਰਨਾਮ ਸਿੰਘ, ਚੰਦ ਸਿੰਘ ਡੋਡ ਅਤੇ ਪਰਮਜੀਤ ਸਿੰਘ ਡੋਡ ਨੇ ਕਿਹਾ ਕਿ ਪੁਲੀਸ ਦੀ ਧੱਕੇਸ਼ਾਹੀ ਖ਼ਿਲਾਫ਼ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇ ਕਸੂਰਵਾਰ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਹੋਈ ਤਾਂ ਉਹ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਪੱਕੇ ਧਰਨੇ ’ਤੇ ਬੈਠ ਜਾਣਗੇ। ਜ਼ਿਲ੍ਹਾ ਪੁਲੀਸ ਮੁਖੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਵਾਹਿਗੁਰੂ ਸਿੰਘ ਖ਼ਿਲਾਫ਼ ਥਾਣਾ ਸਦਰ ਫਰੀਦਕੋਟ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਦੀ ਪੁਲੀਸ ਨਿਰਪੱਖ ਤਰੀਕੇ ਨਾਲ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਧੱਕੇਸ਼ਾਹੀ ਨਹੀਂ ਕੀਤੀ ਜਾਵੇਗੀ ਤੇ ਜੇ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਹੋਵੇਗੀ। ਇਸ ਤੋਂ ਬਾਅਦ ਬਾਵਰੀਆ ਸਮਾਜ ਨੇ ਆਪਣਾ ਧਰਨਾ ਹਾਲ ਦੀ ਘੜੀ ਸਮਾਪਤ ਕਰ ਦਿੱਤਾ।