ਟੋਨੀ ਛਾਬੜਾ
ਜਲਾਲਾਬਾਦ, 31 ਅਗਸਤ
ਸੋਸ਼ਲ ਮੀਡੀਆ ’ਤੇ ਸ਼ਰਾਰਤੀ ਅਨਸਰ ਜਾਅਲੀ ਅਸ਼ਲੀਲ ਵੀਡੀਓ ਬਣਾ ਕੇ ਭੋਲੇ ਭਾਲੇ ਲੋਕਾਂ ਨੂੰ ਠੱਗ ਰਹੇ ਹਨ ਅਤੇ ਜਲਾਲਾਬਾਦ ਦੇ ਅੱਧੀ ਦਰਜਨ ਤੋਂ ਵੱਧ ਲੋਕ ਇਸ ਗਰੋਹ ਹੱਥੋਂ ਠੱਗੇ ਜਾ ਚੁੱਕੇ ਹਨ। ਆਪਣੀ ਬਦਨਾਮੀ ਦੇ ਡਰੋਂ ਪੀੜਤ ਲੋਕ ਹਜ਼ਾਰਾਂ ਰੁਪਏ ਇਸ ਗਰੋਹ ਨੂੰ ਲੁਟਾ ਚੁੱਕੇ ਹਨ। ਇਸ ਗਰੋਹ ਦਾ ਪਰਦਾਫਾਸ਼ ਸਥਾਨਕ ਵਾਸੀ ਦੀਪਕ ਕੁਮਾਰ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਵੀ ਇਸ ਗਰੋਹ ਨੇ ਠੱਗਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਗਰੋਹ ਦੇ ਧੱਕੇ ਨਹੀਂ ਚੜ੍ਹਿਆ। ਦੀਪਕ ਨੇ ਦੱਸਿਆ ਕਿ ਫੇਸਬੁੱਕ ਉੱਤੇ ਇੱਕ ਲੜਕੀ ਨੇ ਉਸ ਨੂੰ ‘ਫਰੈਂਡ ਰਿਕਵੈਸਟ’ ਭੇਜੀ ਅਤੇ ਉਸ ਤੋਂ ਬਾਅਦ ਲਾਈਵ ਵੀਡੀਓ ਚੈਟਿੰਗ ਕਰਨ ਲੱਗੀ। ਚੈਟ ਦੌਰਾਨ ਉਹ ਨਿਰਵਸਤਰ ਹੋ ਗਈ। ਇਸ ’ਤੇ ਦੀਪਕ ਨੇ ਚੈਟ ਬੰਦ ਕਰ ਦਿੱਤੀ ਪ੍ਰੰਤੂ ਕੁਝ ਸਮੇਂ ਬਾਅਦ ਹੀ ਉਸ ਲੜਕੀ ਵੱਲੋਂ ਦੀਪਕ ਨੂੰ ਇਕ ਅਸ਼ਲੀਲ ਵੀਡੀਓ ਭੇਜੀ ਗਈ, ਜਿਸ ਵਿੱਚ ਦੀਪਕ ਨੂੰ ਨਿਰਵਸਤਰ ਹੁੰਦੇ ਦਿਖਾਇਆ ਗਿਆ ਹੈ। ਦੀਪਕ ਨੂੰ ਵੀਡੀਓ ਦੇਖਦੇ ਹੀ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਉਸ ਦੀ ਵੀਡੀਓ ਐਡਿਟ ਕੀਤੀ ਗਈ ਹੈ। ਏਨੀ ਦੇਰ ਵਿੱਚ ਉਕਤ ਲੜਕੀ ਚੈਟ ਕਰਕੇ ਦੀਪਕ ਕੋਲੋਂ 40,000 ਰੁਪਏ ਮੰਗਣ ਲੱਗੀ। ਦੀਪਕ ਨੇ ਇਹ ਰਕਮ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ। ਉਕਤ ਲੜਕੀ ਦੀਪਕ ਨੂੰ ਉਸ ਦੀ ਵੀਡੀਓ ਯੂ ਟਿਊਬ ਉੱਤੇ ਅਪਲੋਡ ਕਰਨ, ਉਸ ਦੇ ਰਿਸ਼ਤੇਦਾਰਾਂ ਨੂੰ ਭੇਜਣ ਅਤੇ ਸੋਸ਼ਲ ਸਾਈਟਾਂ ਉੱਤੇ ਵਾਇਰਲ ਦੀ ਧਮਕੀਆਂ ਦੇਣ ਲੱਗੀ ਪਰ ਦੀਪਕ ਨਾ ਡਰਿਆ। ਉਸ ਨੇ ਦੱਸਿਆ ਕਿ ਪੈਸੇ ਦੇਣ ਤੋਂ ਇਨਕਾਰ ਕਰਨ ਤੋਂ ਕੁਝ ਸਮੇਂ ਬਾਅਦ ਉਕਤ ਲੜਕੀ ਨੇ ਉਸ ਦੀ ਜਾਅਲੀ ਬਣਾਈ ਹੋਈ ਅਸ਼ਲੀਲ ਵੀਡੀਓ ਉਸ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਭੇਜ ਦਿੱਤੀ। ਦੀਪਕ ਨੇ ਦੱਸਿਆ ਕਿ ਜਦੋਂ ਉਸ ਨੇ ਇਸ ਦੀ ਛਾਣਬੀਣ ਕੀਤੀ ਤਾਂ ਪਤਾ ਲੱਗਿਆ ਕਿ ਇਕੱਲੇ ਜਲਾਲਾਬਾਦ ਸ਼ਹਿਰ ਦੇ 7 ਦੇ ਕਰੀਬ ਲੋਕ ਇਸ ਠੱਗੀ ਦਾ ਪਹਿਲਾਂ ਹੀ ਸ਼ਿਕਾਰ ਹੋ ਚੁੱਕੇ ਹਨ ਅਤੇ ਆਪਣੀ ਬਦਨਾਮੀ ਦੇ ਡਰੋਂ ਠੱਗ ਗਰੋਹ ਨੂੰ ਪੈਸੇ ਵੀ ਦੇ ਚੁੱਕੇ ਹਨ। ਦੀਪਕ ਕੁਮਾਰ ਨੇ ਸਾਇਬਰ ਸੈੱਲ ਤੋਂ ਮੰਗ ਕੀਤੀ ਹੈ ਕਿ ਇਸ ਗਰੋਹ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਹੋਰ ਭੋਲੇ ਭਾਲੇ ਲੋਕ ਇਸ ਦੀ ਠੱਗੀ ਦਾ ਸ਼ਿਕਾਰ ਨਾ ਹੋ ਸਕਣ।