ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਫ਼ਰਵਰੀ
ਇਥੇ ਸ਼ਹਿਰ ਦੀ ਸਲੱਮ ਬਸਤੀ ਲਾਲ ਸਿੰਘ ਰੋਡ ਤੋਂ ਦੋ ਦਿਨ ਪਹਿਲਾਂ ਵਿਆਹੁਤਾ ਨੂੰ ਦਿਨ-ਦਿਹਾੜੇ ਅਗਵਾ ਕਰਨ ਦੀ ਘਟਨਾ ਵਿੱਚ ਨਵਾਂ ਮੋੜ ਆ ਗਿਆ ਹੈ। ਉਮਰੋਂ ਲੰਘੇ ਨੌਜਵਾਨਾਂ ਨਾਲ ਵਿਆਹ ਕਰਕੇ ਠੱਗੀਆਂ ਮਾਰਨ ਵਾਲੇ ਛੇ ਮੈਂਬਰੀ ਅੰਤਰਰਾਜੀ ਗਰੋਹ ਨੇ ਇਹ ਡਰਾਮਾ ਰਚਿਆ ਸੀ। ਸਿਟੀ ਪੁਲੀਸ ਨੇ ਗਰੋਹ ਮੈਂਬਰਾਂ ਕੋਲੋਂ ਵੱਡੀ ਗਿਣਤੀ ’ਚ ਜਾਅਲੀ ਨਾਵਾਂ ਦੇ ਪਛਾਣ-ਪੱਤਰ ਬਰਾਮਦ ਕਰਕੇ ਗਰੋਹ ’ਚ ਸ਼ਾਮਲ ਤਿੰਨ ਔਰਤਾਂ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸੋਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਥੋਂ ਦੋ ਦਿਨ ਪਹਿਲਾਂ ਅਗਵਾ ਦਾ ਡਰਾਮਾ ਰਚਣ ਵਾਲੀ ਵਿਆਹੁਤਾ ਕੁਲਦੀਪ ਕੌਰ ਉਰਫ ਕੋਮਲ (24) ਉਮਰ ਲੰਘਾ ਚੁੱਕੇ ਨੌਜਵਾਨਾਂ ਨਾਲ ਵਿਆਹ ਕਰਕੇ ਠੱਗੀਆਂ ਮਾਰਨ ਵਾਲੇ ਅੰਤਰਰਾਜੀ ਗਰੋਹ ਦੀ ਮੈਂਬਰ ਹੈ। ਉਸਨੇ ਤੀਜਾ ਵਿਆਹ ਹੰਸ ਰਾਜ ਵਾਸੀ ਸੈਲਗ ਜ਼ਿਲ੍ਹਾ ਮਹਿੰਦਰਗੜ੍ਹ (ਹਰਿਆਣਾ) ਨਾਲ 80 ਹਜ਼ਾਰ ਰੁਪਏ ਲੈ ਕੇ ਕਥਿਤ ਠੱਗੀ ਮਾਰਨ ਦੀ ਨੀਅਤ ਨਾਲ ਵਿਆਹ ਕਰਵਾਇਆ ਸੀ। ਪੁਲੀਸ ਨੇ ਵਿਆਹੁਤਾ ਨੂੰ ਹੰਸ ਰਾਜ ਦੇ ਘਰ ’ਚੋਂ ਬਰਾਮਦ ਕੀਤਾ ਹੈ। ਹੰਸ ਰਾਜ ਦਾ ਕੁਲਦੀਪ ਕੌਰ ਨਾਲ ਵਿਆਹ ਹੋਣ ਕਰਕੇ ਉਹ ਹੀ ਕਾਰ ਵਿੱਚ ਲੈ ਕੇ ਗਿਆ ਸੀ। ਪੁਲੀਸ ਮੁਤਾਬਕ ਇਹ ਗਰੋਹ ਅਣਵਿਆਹੇ ਨੌਜਵਾਨਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗੀਆਂ ਮਾਰਦਾ ਸੀ। ਇਸ ਮੌਕੇ ਰੁਪਿੰਦਰ ਕੌਰ ਐੱਸਪੀ(ਆਈ) ਰਵਿੰਦਰ ਸਿੰਘ ਡੀਐੱਸਪੀ(ਸ) ਐੱਸਐੱਚਓ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਤੇ ਹੋਰ ਪੁਲੀਸ ਅਧਿਕਾਰੀ ਵੀ ਮੌਜੂਦ ਸਨ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੁਲਦੀਪ ਕੌਰ ਉਰਫ ਕੋਮਲ, ਰੁਪਿੰਦਰ ਕੌਰ ਉਰਫ ਪਿੰਦੂ ਉਸਦੇ ਪਤੀ ਕੁਲਦੀਪ ਸਿੰਘ ਅਤੇ ਰੀਟਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਚੋਲਣ ਦੋ ਔਰਤਾਂ ਜੱਸੀ ਸੱਪਾਂ ਵਾਲੀ ਅਤੇ ਪਰਮਲਾ ਫ਼ਰਾਰ ਹਨ।