ਪੱਤਰ ਪ੍ਰੇਰਕ
ਬੋਹਾ, 19 ਜੂਨ
ਚੜ੍ਹਦੀਕਲਾ ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ ਸਥਾਨਕ ਵੱਲੋਂ ਅਗਨੀਅਪਥ ਯੋਜਨਾ ਵਿਸ਼ੇਸ਼ ਸੈਮੀਨਾਰ ਬਹੁਮੰਤਵੀ ਸਹਿਕਾਰੀ ਸਭਾ ਵਿੱਚ ਵਿੱਚ ਕਰਵਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਵਿਰਕ, ਉਪ ਪ੍ਰਧਾਨ ਲਾਭ ਸਿੰਘ, ਜਰਨਲ ਸਕੱਤਰ ਬਲਕਾਰ ਸਿੰਘ ਕਾਕਾ, ਖਜ਼ਾਨਚੀ ਗੁਰਮੇਜ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਗਨੀਪਥ ਵਰਗੀਆਂ ਸਕੀਮਾਂ ਰਾਹੀਂ ਦੇਸ਼ ਦੇ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ। ਇਸ ਨੂੰ ਸੇਵਾਮੁਕਤ ਸੈਨਿਕ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ।
ਇਸ ਮੌਕੇ ਐਸੋਸੀਏਸ਼ਨ ਵੱਲੋਂ ਸ਼ਹੀਦ ਫ਼ੌਜੀ ਅਮਰੀਕ ਸਿੰਘ ਦੇ ਪੁੱਤਰ ਅਮਨਦੀਪ ਸਿੰਘ, ਸ਼ਹੀਦ ਲਖਵਿੰਦਰ ਸਿੰਘ ਦੇ ਪਿਤਾ ਪੂਰਨ ਸਿੰਘ ਤੇ ਸ਼ਹੀਦ ਜਗਸੀਰ ਸਿੰਘ ਦੀ ਪਤਨੀ ਬਲਵੀਰ ਕੌਰ ਤੇ ਪਿਤਾ ਤੇਜਾ ਸਿੰਘ ਦਾ ਸਨਮਾਨ ਕੀਤਾ ਗਿਆ।
ਨੌਜਵਾਨਾਂ ਦਾ ਮਨੋਬਲ ਡਿੱਗਿਆ: ਰਾਏਪੁਰ
ਮਾਨਸਾ (ਪੱਤਰ ਪ੍ਰੇਰਕ): ਸਾਬਕਾ ਸੈਨਿਕ ਵਿੰਗ ਪੰਜਾਬ ਦੇ ਸੂਬਾ ਪ੍ਰਧਾਨ, ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਅਗਨੀਪਥ ਯੋਜਨਾ ਲਾਗੂ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਦੇਸ਼ ਦੇ ਨੌਜਵਾਨਾਂ ਦਾ ਮਨੋਬਲ ਡਿੱਗਿਆ ਅਤੇ ਉਨ੍ਹਾਂ ਵਿੱਚ ਦੇਸ਼ ਭਗਤੀ ਦੀ ਲਹਿਰ ਨੂੰ ਵੱਡੀ ਸੱਟ ਵੱਜੇਗੀ। ਸੂਬੇਦਾਰ ਮੇਜਰ ਰਾਏਪੁਰ ਨੇ ਜ਼ਿਲ੍ਹਾ ਹੈਡਕੁਆਰਟਰ ਵਿੱਚ ਅਗਨੀਪੱਥ ਯੋਜਨਾ ਦੇ ਫੈਸਲੇ ਨੂੰ ਵਾਪਸ ਕਰਵਾਉਣ ਲਈ ਮੰਗ ਪੱਤਰ ਦਿਤੇ ਜਾਣਗੇ।
‘ਕੇਂਦਰ ਸਰਕਾਰ ਨੌਜਵਾਨਾਂ ਲਈ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੇ’
ਬਠਿੰਡਾ (ਪੱਤਰ ਪ੍ਰੇਰਕ): ਮੋਦੀ ਸਰਕਾਰ ਫੌਜ ਵਿੱਚ ਸਮਝੌਤਾ ਸਕੀਮ ਤਹਿਤ ਨਿਗੂਣੇ ਲਾਭ ’ਤੇ ਚਾਰ ਸਾਲਾਂ ਭਰਤੀ ਹੇਠ ਲਿਆਂਦੀ ਅਗਨੀਪਥ ਯੋਜਨਾ ਦੀ ਨਿੰਦਾ ਕੀਤੀ ਹੈ। ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਜਗਮੋਹਣ ਸਿੰਘ ਤੇ ਸਕੱਤਰ ਪ੍ਰਿਤਪਾਲ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਦਹਾਕਿਆਂ ਤੋਂ ਚੱਲ ਰਹੀ ਉਦਾਰੀਕਰਨ, ਨਿੱਜੀਕਰਨ, ਸੰਸਾਰੀਕਰਨ ਦੀ ਨੀਤੀ ਤਹਿਤ ਸਰਕਾਰੀ ਅਤੇ ਪਬਲਿਕ ਅਦਾਰਿਆਂ ਦਾ ਭੋਗ ਪਾਉਣ ਦੇ ਰਾਹ ਚੱਲਦਿਆਂ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਪੂਰਤੀ ਲਈ ਅਤੇ ਆਰਐੱਸਐੱਸ ਦੇ ਫਾਸ਼ੀਵਾਦੀ ਸੋਚ ਨੂੰ ਉਬਾਰਨ ਲਈ ਹੁਣ ਫੌਜ ਵਿੱਚ ਵੀ ਠੇਕੇਦਾਰੀ ਪ੍ਰਥਾ ਲਿਆ ਕੇ ਭਾਰਤੀ ਸੰਵਿਧਾਨ ਦੇ ਮੁੱਢਲੇ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਦੇਸ਼ ਦੇ ਕਰੋੜਾਂ ਨੌਜਵਾਨਾਂ ਕੋਲ ਸਿਰਫ ਫੌਜ ਅਤੇ ਅਰਧ ਸੈਨਿਕ ਬਲਾਂ ਵਿੱਚ ਹੀ ਪੱਕੇ ਰੁਜ਼ਗਾਰ ਦੇ ਮੌਕੇ ਰਹਿ ਗਏ ਸਨ। ਜਮਹੂਰੀ ਅਧਿਕਾਰ ਸਭਾ ਨੇ ਇਸ ਅਗਨੀਪਥ ਠੇਕਾ ਭਰਤੀ ਯੋਜਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।