ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 5 ਸਤੰਬਰ
ਇਥੇ ਨਜ਼ਦੀਕੀ ਪਿੰਡ ਅਸਪਾਲ ਕਲਾਂ ਵਿੱਚ ਅਧਿਆਪਕ ਦਿਵਸ ਮੌਕੇ ਮੁੱਖ ਅਧਿਆਪਕਾ ਰਣਜੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਵਿੱਚ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਿਤ ਮੇਲਾ ਲਾਇਆ ਗਿਆ ਅਤੇ ਬੱਚਿਆਂ ਨੇ ਸਮਾਜਿਕ ਸਿੱਖਿਆ ਨਾਲ ਸਬੰਧਿਤ ਮਾਡਲ ਬਣਾਏ। ਇਸ ਮੇਲੇ ਦੌਰਾਨ ਪਿੰਡ ਦੀ ਪੰਚਾਇਤ ਅਤੇ ਪਤਵੰਤੇ ਵਿਅਕਤੀਆ ਤੋਂ ਇਲਾਵਾ ਸਿੱਖਿਆ ਵਿਭਾਗ ਦੀ ਤਰਫੋਂ ਬੀਐੱਮ ਹੈਪੀ ਤੇ ਬੀਐੱਮ ਸੁਖਪਾਲ ਸਿੰਘ ਪਹੁੰਚੇ ਹੋਏ ਸਨ।
ਭਗਤਾ ਭਾਈ(ਪੱਤਰ ਪ੍ਰੇਰਕ): ਇਥੇ ਹਰਗੋਬਿੰਦ ਪਬਲਿਕ ਸਕੂਲ ਕਾਂਗੜ ਵਿੱਚ ਪ੍ਰਿੰਸੀਪਲ ਸੋਨੂੰ ਕੁਮਾਰ ਕਾਂਗੜ ਦੀ ਅਗਵਾਈ ਹੇਠ ਸਕੂਲ ਸਟਾਫ ਤੇ ਬੱਚਿਆਂ ਵੱਲੋਂ ਅਧਿਆਪਕ ਦਿਵਸ ਮਨਾਇਆ ਗਿਆ। ਬੱਚਿਆਂ ਨੇ ਅਧਿਆਪਕ ਲਈ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਬੱਚਿਆਂ ਨੇ ਆਪਣੇ ਅਧਿਆਪਕਾਂ ਨੂੰ ਤੋਹਫ਼ੇ ਭੇਟ ਕੀਤੇ।
ਪ੍ਰਿੰਸੀਪਲ ਸੋਨੂੰ ਕੁਮਾਰ ਨੇ ਅਧਿਆਪਕ ਦਿਵਸ ਦੀ ਮਹੱਤਤਾ ਅਤੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਨੀਤੂ ਸ਼ਰਮਾ, ਬਲਵਿੰਦਰ ਕੌਰ, ਰਣਜੀਤ ਕੌਰ, ਪਲਵਿੰਦਰ ਕੌਰ ਜਲਾਲ, ਇੰਦਰਜੀਤ ਸਿੰਘ, ਦਵਿੰਦਰ ਕੁਮਾਰ, ਸੁਖਦੀਪ ਸਿੰਘ, ਮਨਜੀਤ ਕੁਮਾਰ ਪੰਚਾਇਤ ਸਕੱਤਰ, ਪਰਸ਼ੋਤਮ ਦਾਸ ਆਦਿ ਹਾਜ਼ਰ ਸਨ।
ਸਰਦੂਲਗੜ੍ਹ (ਪੱਤਰ ਪ੍ਰੇਰਕ): ਅੱਜ ਅਧਿਆਪਕ ਦਿਵਸ ਮੌਕੇ ਉਪਮੰਡਲ ਮੈਜਿਸਟ੍ਰੇਟ ਸਰਦੂਲਗੜ੍ਹ ਵੱਲੋਂ ਸਕੂਲੀ ਬੱਚਿਆਂ ਨਾਲ ਆਪਣੇ ਦਫਤਰ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਉਪਮੰਡਲ ਮੈਜਿਸਟ੍ਰੇਟ ਮੈਡਮ ਪੂਨਮ ਸਿੰਘ ਵੱਲੋਂ ਉਡਾਨ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਭਵਿੱਖ ਵਿਚ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦੇਕੇ ਸਨਮਾਨਤ ਕੀਤਾ ਗਿਆ ਤੇ ਉਨ੍ਹਾਂ ਨੂੰ ਚਾਕਲੇਟ ਆਦਿ ਵੰਡੇ ਗਏ।
ਸ਼ਹਿਣਾ (ਪੱਤਰ ਪ੍ਰੇਰਕ): ਇਥੇ ਆਰਪੀ ਇੰਟਰਨੈਸ਼ਨਲ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਸੰਸਥਾ ਦੇ ਚੇਅਰਮੈਨ ਪਵਨ ਕੁਮਾਰ ਧੀਰ ਅਤੇ ਪ੍ਰਿੰਸੀਪਲ ਸੁਨੀਤਾ ਰਾਜ ਨੇ ਦੱਸਿਆ ਕਿ ਇਹ ਦਿਨ ਸਵਰਗੀ ਰਾਸ਼ਟਰਪਤੀ ਸਰਵਪੱਲੀ ਰਾਧਾ ਕ੍ਰਿਸ਼ਨ ਨੂੰ ਸਮਰਪਿਤ ਹੁੰਦਾ ਹੈ। ਗ੍ਰਾਮ ਪੰਚਾਇਤ ਸ਼ਹਿਣਾ ਨੇ ਅਧਿਆਪਕ ਦਿਵਸ ’ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਪਿੰਡ ਸੁਖਪੁਰਾ, ਉਗੋਕੇ, ਜਗਜੀਤਪੁਰਾ, ਬੱਲੋਕੇ ’ਚ ਵੀ ਅਧਿਆਪਕ ਦਿਵਸ ਮਨਾਇਆ।
ਫਤਹਿਗੜ੍ਹ ਪੰਜਤੂਰ(ਪੱਤਰ ਪ੍ਰੇਰਕ): ਇਸੇ ਤਰ੍ਹਾਂ ਇਥੋਂ ਦੇ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਇਸ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਸੰਸਥਾ ਦੇ ਡਾਇਰੈਕਟਰ ਰਣਜੀਤ ਕੌਰ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਤੋਹਫ਼ੇ ਵੀ ਦਿੱਤੇ ਗਏ।
ਸੁਸਾਇਟੀ ਵੱਲੋਂ 50 ਸਕੂਲਾਂ ਦੇ 100 ਅਧਿਆਪਕਾਂ ਦਾ ਸਨਮਾਨ
ਭੁੱਚੋ ਮੰਡੀ (ਪੱਤਰ ਪ੍ਰੇਰਕ): ਦ੍ਰਿਸ਼ਟੀ ਆਈ ਡੋਨੇਸ਼ਨ ਸੁਸਾਇਟੀ ਵੱਲੋਂ ਸ਼ਾਂਤੀ ਹਾਲ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਿਧਾਇਕ ਜਗਸੀਰ ਸਿੰਘ ਨੇ 50 ਸਕੂਲਾਂ ਦੇ 100 ਅਧਿਆਪਕਾਂ ਨੂੰ ਗਿਆਨ ਭੂਸ਼ਣ ਗੋਇਲ ਅਵਾਰਡ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਲੋਕ ਭਲਾਈ ਸੰਸਥਾਵਾਂ ਤੇਰਾਂ ਤੇਰਾਂ ਸਹਿਯੋਗ ਟਰਸਟ, ਕਾਲੀ ਮਾਤਾ ਮੰਦਰ ਕਮੇਟੀ, ਹੈਲਪ ਲਾਈਨ ਵੈਲਫੇਅਰ ਸੁਸਾਇਟੀ ਅਤੇ ਦੀਪੂ ਗਰਗ ਦਾ ਵੀ ਸਨਮਾਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸਮਾਜ ਸੇਵੀ ਪਵਨ ਗਰਗ ਨੇ ਕੀਤੀ। ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਗੋਲਨ, ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗਰਗ, ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਪਵਨ ਮਾਨੀ, ਮਾਸਟਰ ਭਾਰਤ ਭੂਸ਼ਣ ਗੋਇਲ, ਕੌਂਸਲਰ ਅੰਜਲੀ ਗਰਗ, ਰਜਨੀ ਗਰਗ ਅਤੇ ਕੌਂਸਲਰ ਪ੍ਰਵੀਨ ਗਰਗ ਬਠਿੰਡਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਕਰਤ ਕੀਤੀ। ਇਸੇ ਤਰ੍ਹਾਂ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਆਦੇਸ਼ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਮਹਾਜਨ ਮੁੱਖ ਮਹਿਮਾਨ ਸਨ। ਇਸ ਮੌਕੇ ਡਾਕਟਰ ਰਾਧਾ ਕ੍ਰਿਸ਼ਨਨ ਅਤੇ ਸਕੂਲ ਦੀ ਸੰਸਥਾਪਕ ਪ੍ਰਿੰਸੀਪਲ ਮੈਡਮ ਪੁਸ਼ਪਾ ਅਰੋੜਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੁੱਖ ਮਹਿਮਾਨ ਅਤੇ ਸਕੂਲ ਦੇ ਐਮਡੀ ਪ੍ਰੋਫੈਸਰ ਐੱਮਐੱਲ ਅਰੋੜਾ ਨੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਇਸ ਮੌਕੇ ਬੱਚਿਆਂ ਨੇ ਨਾਚ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ।
ਤੇਜਾ ਸਿੰਘ ਰੌਂਤਾ ਦਾ ਸਨਮਾਨ
ਨਿਹਾਲ ਸਿੰਘ ਵਾਲਾ/ਮੋਗਾ (ਪੱਤਰ ਪ੍ਰੇਰਕ): ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਵਡੇਰੀ ਉਮਰ ਦੇ ਪ੍ਰਸਿੱਧ ਸਾਹਿਤਕਾਰ ਅਤੇ ਸਮਰਪਿਤ ਸੇਵਾ ਮੁਕਤ ਅਧਿਆਪਕ ਤੇਜਾ ਸਿੰਘ ਰੌਂਤਾ ਨੂੰ ਉਹਨਾਂ ਦੇ ਰੌਂਤਾ ਸਥਿਤ ਘਰ ਜਾਕੇ ਸਨਮਾਨਿਤ ਕੀਤਾ ਗਿਆ। ਮੰਚ ਦੇ ਪ੍ਰਧਾਨ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਕਿਹਾ ਕਿ ਤੇਜਾ ਸਿੰਘ ਰੌਂਤਾ ਇਕ ਪ੍ਰਤੀਬੱਧ ਲੇਖਕ, ਮਿਸ਼ਨਰੀ ਅਧਿਆਪਕ, ਨਿਧੜਕ ਮੁਲਾਜ਼ਮ ਆਗੂ ਅਤੇ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਰਹੇ ਹਨ ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਸਮਾਜ ਦੇ ਦੱਬੇ ਕੁਚਲੇ ਵਰਗ ਲਈ ਲਿਖਿਆ।