ਜੋਗਿੰਦਰ ਸਿੰਘ ਮਾਨ
ਮਾਨਸਾ, 3 ਦਸੰਬਰ
ਵਿਵਾਦਾਂ ਵਿੱਚ ਘਿਰੇ ਸਿੱਧੂ ਮੂਸੇਵਾਲਾ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਾਨਸਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਰਾਜ ਦੀ ਸੱਤਾਧਾਰੀ ਕਾਂਗਰਸੀ ਪਾਰਟੀ ਨੂੰ ਹੁਣ ਸਿੱਧੂ ਮੂਸੇਵਾਲਾ ਤਾਂ ਛੱਡੋ, ਕੋਈ ਹੋਰ ਵੱਡਾ ਗਾਇਕ ਵੀ ਨਹੀਂ ਬਚਾਅ ਸਕੇਗਾ। ਉਨ੍ਹਾਂ ਕਿਹਾ ਕਿ ਗੈਰ-ਸੱਭਿਅਕ ਗਾਇਕੀ ਸਮੇਤ ਗੁੰਡਾਗਰਦੀ ਅਤੇ ਹਥਿਆਰਾਂ ਦੀ ਨੁਮਾਇਸ਼ ਵਾਲੇ ਗੀਤ ਗਾ ਕੇ ਮਾਨਸਾ ਵਰਗੇ ਲੋਕ ਲਹਿਰਾਂ ਨਾਲ ਜੁੜੇ ਜ਼ਿਲ੍ਹੇ ਵਿੱਚ ਰਾਜਨੀਤੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਭਾਵੇਂ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਮਾਨਸਾ ਤੋਂ ਚੋਣ ਲੜਨ ਦੇ ਚਰਚੇ ਕਈ ਦਿਨਾਂ ਤੋਂ ਆਰੰਭ ਹੋ ਚੁੱਕੇ ਹਨ, ਪਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਨਾਤੇ ਆਪਣੇ ਮੁਕਾਬਲੇ ਲੜਨ ਵਾਲੇ ਉਮੀਦਵਾਰਾਂ ’ਚੋਂ ਸਿੱਧੂ ਮੂਸੇਵਾਲਾ ਨੂੰ ਸਭ ਤੋਂ ਕਮਜ਼ੋਰ ਉਮੀਦਵਾਰ ਮੰਨਦੇ ਹਨ।
ਸ੍ਰੀ ਅਰੋੜਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਅੱਜ ਤੱਕ ਮਾਨਸਾ ਹਲਕੇ ਦੇ ਕਿਸੇ ਵੀ ਪਿੰਡ ਵਿੱਚ ਜਾ ਕੇ ਲੋਕ ਹਿੱਤਾਂ ਲਈ ਨਹੀਂ ਗਾਇਆ, ਸਗੋਂ ਉਸ ਨੇ ਕਿਸਾਨਾਂ ਦੇ ਇੱਕ-ਦੋ ਇਕੱਠਾਂ ਵਿੱਚ ਆ ਕੇ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਅਜਿਹੇ ਯਤਨਾਂ ਨੂੰ ਮਾਨਸਾ ਦੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ,ਮੁਲਾਜ਼ਮਾਂ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਕਦੇ ਵੀ ਮਾਨਤਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਦਾ ਚੰਗੇ ਸਾਹਿਤਕ ਸਗਰਮੀਆਂ ਵਿੱਚ ਚੰਗਾ ਨਾਂ ਹੈ, ਪਰ ਕੁੱਝ ਲੋਕਾਂ ਨੇ ਹਥਿਆਰਾਂ ਦੀ ਨੁਮਾਇਸ਼ ਅਤੇ ਗੈਰ-ਸੱਭਿਅਕ ਗੀਤ ਗਾ ਕੇ ਮਾੜਾ ਸੱਭਿਆਚਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਵਿਚੋਂ ਸਿੱਧੂ ਮੂਸੇਵਾਲਾ ਵੀ ਇੱਕ ਹੈ। ਇਸ ਵਿਰੁੱਧ ਉਤੇ ਗੰਦੀ ਗਾਇਕੀ ਲਈ ਕਈ ਥਾਂ ਪਰਚੇ ਵੀ ਦਰਜ ਹੋਏ ਹਨ।