ਪਵਨ ਗੋਇਲ
ਭੁੱਚੋ ਮੰਡੀ, 21 ਮਾਰਚ
ਲਹਿਰਾ ਬੇਗਾ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਤਨਖਾਹ ਅਤੇ ਨੌਕਰੀ ਲਈ 63 ਦਿਨਾਂ ਤੋਂ ਲਗਾਤਾਰ ਮੋਰਚਾ ਜਾਰੀ ਹੈ ਪਰ ਅਜੇ ਤੱਕ ਅਥਾਰਿਟੀ ਦੇ ਕਿਸੇ ਅਧਿਕਾਰੀ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਗਈ। ਇਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਆਟੋਮੈਟਿਕ ਟੌਲ ਟੈਗ ਤਕਨੀਕ ਸ਼ੁਰੂ ਕਰਨ ਆਏ ਇੰਜਨੀਅਰ ਨੂੰ ਦਫ਼ਤਰ ਵਿੱਚ ਵੜਣ ਨਹੀਂ ਦਿੱਤਾ ਅਤੇ ਕੌਮੀ ਹਾਈਵੇਅ ਅਥਾਰਿਟੀ ਆਫ ਬਠਿੰਡਾ ਦੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਸ਼ਮਸ਼ੇਰ ਸਿੰਘ, ਰਾਜਦੀਪ ਸਿੰਘ, ਜਸਮੇਲ ਸਿੰਘ ਅਤੇ ਜਸਜੀਤ ਸਿੰਘ ਨੇ ਕਿਹਾ ਕਿ ਉੁਹ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਉਨ੍ਹਾਂ ਨੇ ਕਿਰਤ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ। ਅਦਾਲਤ ਵੱਲੋਂ ਸੁਣਵਾਈ ਲਈ 23 ਮਾਰਚ ਦੀ ਤਰੀਕ ਦਿੱਤੀ ਹੋਈ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਮਸਲਾ ਹੱਲ ਨਾ ਕੀਤਾ ਗਿਆ ਤਾਂ, ਉਹ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।