ਪੱਤਰ ਪ੍ਰੇਰਕ
ਟੱਲੇਵਾਲ, 14 ਮਈ
ਬਰਨਾਲਾ ਜ਼ਿਲ੍ਹੇ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਪਰ ਪ੍ਰਬੰਧ ਨਾਮਾਤਰ ਹਨ। ਜ਼ਿਲ੍ਹੇ ਵਿੱਚ 8 ਵੈਂਟੀਲੇਂਟਰ ਦੇ ਪ੍ਰਬੰਧ ਹਨ, ਪਰ ਇਨ੍ਹਾਂ ਵਿੱਚੋਂ ਚਾਲੂ ਹਾਲਤ ਵਿੱਚ ਕੋਈ ਨਹੀਂ ਹੈ। ਇਨ੍ਹਾਂ ਵਿੱਚੋਂ 5 ਵੈਂਟੀਲੇਟਰ ਕੋਵਿਡ ਸੈਂਟਰ ਸੋਹਲ ਪੱਤੀ ਵਿੱਚ ਹਨ, ਜੋ ਪੀਐਮ ਕੇਅਰ ਫ਼ੰਡ ਵਿੱਚੋਂ ਜ਼ਿਲ੍ਹੇ ਨੂੰ ਮਿਲੇ ਹਨੇ ਜਦਕਿ ਤਿੰਨ ਹੋਰ ਵੈਂਟੀਲੇਟਰ ਸਰਕਾਰੀ ਹਸਪਤਾਲ ਦੇ ਬੰਦ ਕਮਰਿਆਂ ਵਿੱਚ ਪਏ ਹਨ।
ਬਰਨਾਲਾ ਨਿਵਾਸੀ ਹਰਦੇਵ ਸਿੰਘ ਨੇ ਕਿਹਾ ਕਿ ਉਸ ਦੀ ਭਰਜਾਈ ਦੀ ਕਰੋਨਾਵਾਇਰਸ ਕਾਰਨ ਮੌਤ ਹੋਈ ਹੈ। ਬਰਨਾਲਾ ਵਿੱਚ ਵੈਂਟੀਲੇਟਰ ਨਾ ਮਿਲਣ ਕਾਰਨ ਮਰੀਜ਼ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਿਜਾਣਾ ਪਿਆ ਪਰ ਪਟਿਆਲਾ ਵਿੱਚ ਵੀ ਮੁਸ਼ਕਿਲ ਨਾਲ ਵੈਂਟੀਲੇਟਰ ਮਿਲਿਆ, ਪਰ ਉਦੋਂ ਤੱਕ ਦੇਰ ਹੋ ਗਈ ਅਤੇ ਉਸਦੀ ਭਰਜਾਈ ਦੀ ਮੌਤ ਹੋ ਗਈ। ਇਸੇ ਤਰ੍ਹਾਂ ਵਰਿੰਦਰ ਨੇ ਕਿਹਾ ਕਿ ਬਰਨਾਲਾ ਵੈਂਟੀਲੇਟਰ ਨਾ ਹੋਣ ਕਾਰਨ ਉਨ੍ਹਾਂ ਦਾ ਮਰੀਜ਼ ਪਟਿਆਲਾ ਲਿਜਾਣਾ ਪਿਆ ਜਿੱਥੇ ਉਨ੍ਹਾਂ ਨੂੰ ਸਿਫ਼ਾਰਿਸ਼ ਅਤੇ ਪੈਸੇ ਦੇ ਕੇ ਹੀ ਵੈਂਟੀਲੇਟਰ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਬਰਨਾਲਾ ਦੇ ਵੈਂਟੀਲੇਟਰ ਚਾਲੂ ਹੋਣੇ ਚਾਹੀਦੇ ਹਨ ਤਾਂ ਜੋ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ।
ਇਸ ਸਬੰਧੀ ਬਰਨਾਲਾ ਦੇ ਸਿਵਲ ਸਰਜਨ ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 8 ਵੈਂਟੀਲੇਟਰ ਮੌਜੂਦ ਹਨ, ਪਰ ਇਨ੍ਹਾਂ ਨੂੰ ਚਲਾਉਣ ਲਈ ਮਾਹਰ ਡਾਕਟਰ ਅਤੇ ਸਟਾਫ਼ ਦੀ ਵੱਡੀ ਘਾਟ ਹੈ। ਇਸ ਬਾਰੇ ਸਰਕਾਰ ਨੂੰ ਲਿਖ ਕੇ ਭੇਜਿਆ ਜਾ ਚੁੱਕਿਆ ਹੈ।
ਆਕਸੀਜਨ ਸਿਲੰਡਰ ਸਿਹਤ ਵਿਭਾਗ ਕੋਲ ਜਮ੍ਹਾਂ ਕਰਵਾਉਣ ਦਾ ਹੁਕਮ
ਮੋਗਾ (ਨਿੱਜੀ ਪੱਤਰ ਪ੍ਰੇਰਕ): ਕਰੋਨਾ ਕਹਿਰ ਸੰਕਟ ਦੌਰਾਨ ਆਕਸੀਜਨ ਦਾ ਘਾਟ ਕਾਰਨ ਸਰਕਾਰ ਨੇ ਸਖ਼ਤ ਰੁੱਖ ਅਖ਼ਤਿਆਰ ਕਰ ਲਿਆ ਹੈ। ਸਰਕਾਰ ਵੱਲੋਂ ਘਰਾਂ ਤੇ ਅਦਾਰਿਆਂ ਵਿੱਚ ਅਕਸੀਜ਼ਨ ਸਿਲੰਡਰ ਸਟੋਰ ਕਰਕੇ ਰੱਖਣ ਉੱਤੇ ਪਾਬੰਦੀ ਲਗਾ ਦਿੱਤੀ ਹੈ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਵੱਲੋਂ ਅਤੇ ਕੁਝ ਅਦਾਰਿਆਂ ਵੱਲੋਂ ਹੁਣ ਵੀ ਆਪਣੇ ਘਰਾਂ ਅੰਦਰ ਸਿਲੰਡਰਾਂ ਨੂੰ ਸਟੋਰ ਕੀਤਾ ਹੋਇਆ ਹੈ, ਜਿਸ ਕਰਕੇ ਹਸਪਤਾਲਾਂ ਵਿੱਚ ਆਕਸੀਜਨ ਸਿਲੰਡਰਾਂ ਦੀ ਸਰਕੂਲੇਸ਼ਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਸ ਆਕਸੀਜਨ ਸਿਲੰਡਰ ਮੌਜੂਦ ਹਨ ਤਾਂ ਉਹ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਮ੍ਹਾਂ ਕਰਵਾ ਦੇਣ।