ਲਖਵੀਰ ਸਿੰਘ ਚੀਮਾ
ਟੱਲੇਵਾਲ, 29 ਜੁਲਾਈ
ਕਰੋਨਾ ਵਾਇਰਸ ਦਾ ਅਸਰ ਪੰਜਾਬ ਦੇ ਸਮਾਜ ਅਤੇ ਸੱਭਿਆਚਾਰ ’ਤੇ ਵੀ ਪਿਆ ਹੈ। ਪੰਜਾਬ ਵਿੱਚ ਇਕੱਠ ਨਾ ਕਰਨ ਦੀਆਂ ਹਦਾਇਤਾਂ ਕਾਰਨ ਐਤਕੀਂ ਸਾਉਣ ਮਹੀਨੇ ਦਾ ਮੁੱਖ ਤੀਆਂ ਦਾ ਤਿਉਹਾਰ ਮਨਾਇਆ ਨਹੀਂ ਗਿਆ।
ਟੱਲੇਵਾਲ ਨੇੜਲੇ ਪਿੰਡ ਜੋਧਪੁਰ ਦੀਆਂ ਲੜਕੀਆਂ ਤੇ ਔਰਤਾਂ ਵੱਲੋਂ ਸੀਮਤ ਇਕੱਠ ਵਿੱਚ ਇਹ ਤਿਉਹਾਰ ਮਨਾਉਣ ਦਾ ਤਹੱਈਆ ਜ਼ਰੂਰ ਕੀਤਾ ਗਿਆ ਪਰ ਪੂਰੇ ਜ਼ਿਲ੍ਹੇ ਵਿੱਚ ਕਰੋਨਾ ਕਰਕੇ ਤੀਆਂ ਦੀ ਰੌਣਕ ਪਿੰਡਾਂ ਵਿੱਚੋਂ ਗਾਇਬ ਹੈ। ਜੋਧਪੁਰ ਵਿੱਚ ਤੀਆਂ ਮਨਾ ਰਹੀ 70 ਸਾਲਾ ਮਹਿੰਦਰ ਕੌਰ ਨੇ ਕਿਹਾ ਕਿ ਅੱਜ ਤੋਂ ਕਰੀਬ 15 ਵਰ੍ਹੇ ਕੁੜੀਆਂ ਸਾਉਣ ਮਹੀਨੇ ਮੌਕੇ ਤੀਆਂ ਦਾ ਕੁੜੀਆਂ ਨੂੰ ਵਿਆਹ ਜਿੰਨਾ ਚਾਅ ਹੁੰਦਾ ਸੀ। ਨਵ-ਵਿਆਹੀਆਂ ਪੇਕੇ ਪਿੰਡ ਆ ਕੇ ਤੀਆਂ ਬਹਾਨੇ ਆਪਣੀਆਂ ਸਹੇਲੀਆਂ ਨੂੰ ਮਿਲਦੀਆਂ ਸਨ। ਪੀਘਾਂ ਝੂਟਣ, ਮਹਿੰਦੀ ਲਾਉਣ ਅਤੇ ਬੋਲੀਆਂ ਪਾਉਣ ਦੀ ਬੇਹੱਦ ਖੁਸ਼ੀ ਹੁੰਦੀ ਸੀ ਪਰ ਅੱਜ ਤਾਂ ਇਹ ਤਿਉਹਾਰ ਲੋਪ ਹੋ ਚੁੱਕਾ ਹੈ। ਇਸ ਮੌਕੇ ਸੁਖਵਿੰਦਰ ਕੌਰ ਅਤੇ ਰੁਪਿੰਦਰ ਕੌਰ ਨੇ ਦੱਸਿਆ ਕਿ ਜੋਧਪੁਰ ਵਿੱਚ ਹਰ ਸਾਲ ਕੁੜੀਆਂ ਨੇ ਤੀਆਂ ਮਨਾ ਕੇ ਇਸ ਤਿਉਹਾਰ ਨੂੰ ਜਿਉਂਦਾ ਰੱਖਿਆ।