ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 25 ਸਤੰਬਰ
ਮੋਦੀ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਖੇਤੀ ਬਿੱਲਾਂ ਖਿਲਾਫ਼ 31 ਕਿਸਾਨ ਜਥੇਬੰਦੀਆਂ ਦੇ ਸੱਦੇ ਉੱਪਰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਭਗਤਾ ਭਾਈ ਦੇ ਮੁੱਖ ਚੌਕ ’ਚ ਵੱਡਾ ਧਰਨਾ ਲਗਾ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਧਰਨੇ ਵਿਚ ਭਗਤਾ ਭਾਈ ਇਲਾਕੇ ਦੇ ਪਿੰਡਾਂ ਤੋਂ ਵੱਡੀ ਗਿਣਤੀ ਮਰਦ-ਔਰਤ ਕਿਸਾਨ, ਨੌਜਵਾਨ, ਦੁਕਾਨਦਾਰ, ਆੜਤੀਏ, ਬੀਕੇਯੂ (ਕ੍ਰਾਂਤੀਕਾਰੀ), ਖੇਤ ਮਜ਼ਦੂਰ ਯੂਨੀਅਨਾਂ, ਮੁਲਾਜ਼ਮ ਜਥੇਬੰਦੀਆਂ ਤੋਂ ਇਲਾਵਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਧਰਨੇ ਵਹੀਰਾਂ ਘੱਤ ਕੇ ਪੁੱਜੇ। ਬੀਕੇਯੂ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਬੀਕੇਯੂ (ਉਗਰਾਹਾਂ) ਦੇ ਬਲਾਕ ਪ੍ਰਧਾਨ ਬਸੰਤ ਸਿੰਘ ਕੋਠਾਗੁਰੂ ਤੇ ਹੋਰਾਂ ਨੇ ਖੇਤੀ ਬਿੱਲਾਂ ਨੂੰ ਕਿਸਾਨਾਂ ਦੀ ਮੌਤ ਦਾ ਵਾਰੰਟ ਕਰਾਰ ਦਿੰਦਿਆਂ ਇਨ੍ਹਾਂ ਨੂੰ ਰੱਦ ਕਰਨ ਦੀ ਮੰਗ ਕੀਤੀ।
ਸਰਦੂਲਗੜ੍ਹ (ਬਲਜੀਤ ਸਿੰਘ): ਖੇਤੀ ਬਿੱਲਾਂ ਦੇ ਵਿਰੋਧ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਹੋਰ ਦੂਸਰੀਆਂ ਯੂਨੀਅਨਾਂ ਵੱਲੋ ਸਰਦੂਲਗੜ੍ਹ-ਸਿਰਸਾ ਕੌਮੀ ਹਾਈਵੇ ’ਤੇ ਸਰਦੂਲਗੜ੍ਹ ਬੱਸ ਅੱਡਾ ਚੌਕ ’ਚ ਧਰਨਾ ਲਗਾਕੇ ਆਪਣਾ ਰੋਸ ਜਤਾਇਆ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਹ ਖੇਤੀ ਬਿੱਲ ਰੱਦ ਨਹੀਂ ਕੀਤੇ ਜਾਂਦੇ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੀਆਂ ਤਿੰਨ ਜਥੇਬੰਦੀਆਂ ਟੀਐੱਸਯੂ, ਐਂਪਲਾਈਜ਼ ਯੂਨੀਅਨ ਅਤੇ ਐਂਪਲਾਈਜ਼ ਫੈਡਰੇਸ਼ਨ (ਪਹਿਲਵਾਨ) ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਥਰਮਲ ਦੇ ਮੁੱਖ ਗੇਟ ਨੇੜੇ ਰੋਸ ਰੈਲੀ ਕੀਤੀ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਫ਼ਾਜ਼ਿਲਕਾ (ਪਰਮਜੀਤ ਸਿੰਘ): ਤਿੰਨ ਖੇਤੀ ਬਿੱਲਾਂ ਖਿਲਾਫ਼ ਵੱਖ ਵੱਖ ਕਿਸਾਨ ਜਥੇਬੰਦੀਆਂ, ਆੜ੍ਹਤੀ ਅਤੇ ਦੁਕਾਨਦਾਰਾਂ ਵੱਲੋਂ ਫਾਜ਼ਿਲਕਾ ’ਚ ਧਰਨਾ ਲਾਇਆ ਗਿਆ।
ਮੌੜ ਮੰਡੀ (ਜਗਤਾਰ ਅਣਜਾਣ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਵਿਰੋਧ ’ਚ ਹਲਕਾ ਮੌੜ ’ਚ ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ 254 ਨੰਬਰ ਕੌਮੀ ਮਾਰਗ ’ਤੇ ਮਾਨਸਾ-ਬਠਿੰਡਾ ਚੌਕ ’ਚ ਧਰਨਾ ਲਗਾਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਬਿੱਲਾਂ ਦੇ ਵਿਰੋਧ ’ਚ ਟੱਲੇਵਾਲ ਖ਼ੇਤਰ ’ਚ ਬਰਨਾਲਾ-ਅੰਮ੍ਰਿਤਸਰ ਮੁੱਖ ਮਾਰਗ ’ਤੇ ਪਿੰਡ ਚੀਮਾ ਨੇੜੇ ਟੌਲ ਪਲਾਜ਼ੇ ’ਤੇ ਵੱਡਾ ਧਰਨਾ ਕਿਸਾਨ ਜਥੇਬੰਦੀਆਂ ਦੀ ਅਗਵਾਈ ’ਚ ਲਗਾਇਆ ਗਿਆ। ਜਦੋਂਕਿ ਪਿੰਡ ਟੱਲੇਵਾਲ ਅਤੇ ਭੋਤਨਾ ਵਿੱਚ ਵੀ ਕਿਸਾਨਾਂ ਵਲੋਂ ਪਿੰਡ ਪੱਧਰ ’ਤੇ ਧਰਨੇ ਲਗਾਏ ਗਏ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਪੰਜਾਬ ਦੀਆਂ 30 ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਤਹਿਤ ਗਿੱਦੜਬਾਹਾ ਦੇ ਭਾਰੂ ਚੌਕ ਵਿੱਚ ਧਰਨਾ ਦਿੱਤਾ ਗਿਆ, ਉੱਥੇ ਹੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਪਿੰਡ ਦੇ ਕਿਸਾਨਾਂ ਵਲੋਂ ਪਿੰਡ ਖੁੰਨਣ ਖੁਰਦ ’ਚ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ।
ਚਾਉਕੇ (ਰਮਨਦੀਪ ਸਿੰਘ): ਖੇਤੀ ਬਿੱਲਾਂ ਵਿਰੁੱਧ ਪਿੰਡ ਖੋਖਰ ਦੇ ਡਰਾਇੰਗ ਮਾਸਟਰ ਸੁਰਿੰਦਰ ਸਿੰਘ ਨੇ ਚਿੱਤਰਾਂ ਰਾਹੀਂ ਕਿਸਾਨਾਂ ਦੀ ਦਸ਼ਾ ਦਰਸਾਅ ਕੇ ਸਰਕਾਰੀ ਕਾਨੂੰਨਾਂ ਦਾ ਵਿਰੋਧ ਅਤੇ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਬੁਰਸ਼ਾਂ ਅਤੇ ਰੰਗਾਂ ਰਾਹੀਂ ਕੀਤੀ।
ਇਸੇ ਤਰ੍ਹਾਂ ਮਾਨਸਾ ਤੋਂ ਹਰਦੀਪ ਸਿੰਘ ਜਟਾਣਾ,ਅਜੀਤਵਾਲ ਤੋਂ ਗੁਰਪ੍ਰੀਤ ਦੌਧਰ, ਤਲਵੰਡੀ ਸਾਬੋ ਤੋਂ ਜਗਜੀਤ ਸਿੰਘ ਸਿੱਧੂ, ਝੁਨੀਰ ਤੋਂ ਸੁਰਜੀਤ ਵਸ਼ਿਸ਼ਟ, ਸ਼ਹਿਣਾ ਤੋਂ ਪਰਮੋਦ ਸਿੰਗਲਾ, ਮਲੋਟ ਤੋਂ ਲਖਵਿੰਦਰ ਸਿੰਘ, ਮੌੜ ਮੰਡੀ ਤੋਂ ਕੁਲਦੀਪ ਭੁੱਲਰ ਤੇ ਜੋਗਾ ਤੋਂ ਸ਼ੰਗਾਰਾ ਸਿੰਘ ਅਕਲੀਆ ਦੀ ਰਿਪੋਰਟ ਅਨੁਸਾਰ ਖੇਤੀ ਬਿੱਲਾਂ ਦੇ ਵਿਰੋਧ ’ਚ ਧਰਨੇ ਦਿੱਤੇ ਗਏ।
ਅਕਾਲੀ ਦਲ ਬਾਦਲ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਭੁੱਚੋ ਮੰਡੀ (ਪਵਨ ਗੋਇਲ): ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਦੇ ਪੁਲ ਹੇਠ ਭੁੱਚੋ ਚੌਕ ਵਿੱਚ ਹਲਕਾ ਪੱਧਰੀ ਧਰਨਾ ਦਿੱਤਾ ਗਿਆ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੀ ਅਗਵਾਈ ਹਲਕਾ ਨਿਗਰਾਨ ਜਗਸੀਰ ਸਿੰਘ ਕਲਿਆਣ ਨੇ ਕੀਤੀ। ਧਰਨਾ ਤਿੰਨ ਘੰਟੇ ਜਾਰੀ ਰਿਹਾ। ਉਥੇ ਹੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਲਹਿਰਾ ਮੁਹੱਬਤ ਵੱਲੋਂ ਰਵਿਦਾਸ ਨਗਰ ਵਿੱਚ ਇਕਾਈ ਪ੍ਰਧਾਨ ਨਾਇਬ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੇ ਕਾਲੇ ਕਨੂੰਨਾਂ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਭਦੌੜ ’ਚ ਨੌਜਵਾਨ ਨੇ ਮੋਦੀ ਦਾ ਪੁਤਲਾ ਫੂਕਿਆ
ਭਦੌੜ (ਰਾਜਿੰਦਰ ਵਰਮਾ): ਪੰਜਾਬ ਬੰਦ ਦੇ ਸੱਦੇ ਨੂੰ ਭਦੌੜ ’ਚ ਭਰਪੂਰ ਸਮਰਥਨ ਮਿਲਿਆ। ਅੱਜ ਦੇ ਦਿਨ ਭਦੌੜ ’ਚ ਪਹਿਲਾਂ ਸੈਂਕੜੇ ਨੌਜਵਾਨ ਕਿਸਾਨਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਵੇਰੇ 9 ਵਜੇ ਦਾਣਾ ਮੰਡੀ ’ਚ ਇਕੱਠੇ ਹੋ ਕੇ ਮੋਦੀ ਦੀ ਅਰਥੀ ਚੁੱਕ ਪਿੰਡ ’ਚ ਰੋਸ ਮੁਜ਼ਾਹਰਾ ਕਰਕੇ ਤਿੰਨ ਕੌਣੀ ’ਤੇ ਪੁਤਲਾ ਫੂਕਿਆ ਗਿਆ।
ਬੰਦ ਨੂੰ ਮਿਲਿਆ ਮਜ਼ਦੂਰਾਂ, ਦੁਕਾਨਦਾਰਾਂ ਤੇ ਕਾਰੋਬਾਰੀਆਂ ਦਾ ਸਾਥ
ਜਲਾਲਾਬਾਦ (ਚੰਦਰ ਕਾਲੜਾ): ਪੰਜਾਬ ਦੀਆਂ ਵੱਖ-ਵੱਖ 31 ਕਿਸਾਨ ਜਥੇਬੰਦੀਆਂ ਵਲੋਂ ਖੇਤੀ ਆਰਡੀਨੈਸ ਬਿੱਲਾਂ ਦੇ ਖਿਲਾਫ਼ ਸੰਘਰਸ਼ ਦੇ ਪਹਿਲੇ ਦਿਨ ਇਸ ਮਾਲਵੇ ਖੇਤਰ ’ਚ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਸਹਿਯੋਗ ਮਿਲਿਆ।
ਬਰਨਾਲਾ (ਰਵਿੰਦਰ ਰਵੀ): ਅੱਜ ਕਿਸਾਨ ਯੂਨੀਅਨ ਵੱਲੋਂ ਦਿੱਤੇ ਬੰਦ ਦੇ ਸੱਦੇ ’ਚ ਸ਼ਹਿਰ ਦੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਆਪਣੇ ਕਾਰੋਬਾਰ ਨੂੰ ਬੰਦ ਰੱਖਿਆ।
ਬੋਹਾ (ਨਿਰੰਜਨ ਬੋਹਾ): ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਆਰਡੀਨੈਂਸਾਂ ਦੇ ਵਿਰੋਧ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਬੋਹਾ ਵਿਚ ਭਰਵਾਂ ਹੁੰਗਾਰਾ ਮਿਲਿਆ ਤੇ ਸ਼ਹਿਰ ਦੀਆਂ ਸਾਰੀਆਂ ਦੁਕਾਨਾ ਤੇ ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ।
ਅਬੋਹਰ (ਸੁੰਦਰ ਨਾਥ ਆਰੀਆ): ਖੇਤੀ ਬਿੱਲਾਂ ਦੇ ਵਿਰੋਧ ’ਚ ਕਿਸਾਨ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਅਬੋਹਰ ’ਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਅਬੋਹਰ ਦੇ ਸਰਕੁਲਰ ਰੋਡ, ਸਦਰ ਬਾਜ਼ਾਰ, ਮੇਨ ਬਾਜ਼ਾਰ, ਬੱਸ ਸਟੈਂਡ ਮਾਰਕੀਟ, ਨਵੀਂ ਆਬਾਦੀ ਬਾਜ਼ਾਰ ਸਣੇ ਖੇਤਰ ਦੇ ਸਾਰੇ ਮੁੱਖ ਬਾਜ਼ਾਰ ਬੰਦ ਵਿਖਾਈ ਦਿੱਤੇ।
ਮਹਿਲ ਕਲਾਂ (ਨਵਕਿਰਨ ਸਿੰਘ): ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਮਹਿਲ ਕਲਾਂ ਦਾ ਸਮੁੱਚਾ ਬਾਜ਼ਾਰ ਬੰਦ ਰਿਹਾ। ਮਹਿਲ ਕਲਾਂ ’ਚ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਖੇਤੀ ਆਰਡੀਨੈਂਸ ਵਾਪਸ ਨਾ ਲਏ ਤਾਂ ਆਉਣ ਵਾਲੇ ਦਿਨਾਂ ’ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਫਤਿਹਗੜ੍ਹ ਪੰਜਤੂਰ (ਹਰਦੀਪ ਸਿੰਘ): ਖੇਤੀ ਬਿਲਾਂ ਖਿਲਾਫ ਵਿਰੋਧ ਜਿਤਾਉਣ ਲਈ ਅੱਜ ਪੰਜਾਬ ਬੰਦ ਦੇ ਸੱਦੇ ਦਾ ਧਰਮਕੋਟ ਖੇਤਰ ’ਚ ਵੱਡਾ ਅਸਰ ਦੇਖਣ ਨੂੰ ਮਿਲਿਆ। ਉਪ ਮੰਡਲ ਧਰਮਕੋਟ ਦੇ ਸਾਰੇ ਵੱਡੇ ਛੋਟੇ ਕਸਬੇ ਜਿਨ੍ਹਾਂ ਵਿੱਚ ਫਤਿਹਗੜ੍ਹ ਪੰਜਤੂਰ, ਕੋਟ ਈਸੇ ਖਾਂ, ਧਰਮਕੋਟ, ਕਿਸ਼ਨਪੁਰਾਂ, ਭਿੰਡਰ ਕਲਾਂ, ਜਲਾਲਾਬਾਦ, ਢੋਲੇਵਾਲਾ ਆਦਿ ਮੁਕੰਮਲ ਬੰਦ ਰਹੇ।
ਨਥਾਣਾ (ਭਗਵਾਨ ਦਾਸ ਗਰਗ): ਪੰਜਾਬ ਬੰਦ ਮੌਕੇ ਵੱਖ ਵੱਖ ਕਿਸਾਨ ਮਜ਼ਦੂਰ ਅਤੇ ਮੁਲਾਜ਼ਮਾਂ ਜਥੇਬੰਦੀਆਂ ਨੇ ਇਥੇ ਸਾਂਝੇ ਤੌਰ ’ਤੇ ਰੋਸ ਰੈਲੀ ਕੀਤੀ।
ਏਲਨਾਬਾਦ (ਜਗਤਾਰ ਸਮਾਲਸਰ): ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਏਲਨਾਬਾਦ ’ਚ ਭਰਵਾਂ ਹੁੰਗਾਰਾ ਮਿਲਿਆ। ਖੇਤੀ ਅਰਡੀਨੈਂਸਾਂ ਦੇ ਵਿਰੋਧ ਵਿੱਚ ਬੰਦ ਦੇ ਸੱਦੇ ਤੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਰੱਖ ਕੇ ਦਿੱਤਾ ਪੂਰਨ ਸਹਿਯੋਗ।
ਮੰਡੀ ਲੱਖੇਵਾਲੀ (ਜਸਪ੍ਰੀਤ ਸੇਖੋਂ): ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਅਰਡੀਨੈਂਸਾਂ ਦੇ ਵਿਰੋਧ ਵਿੱਚ ਪੰਜਾਬ ਬੰਦ ਦੇ ਸੱਦੇ ਨੂੰ ਪੂਰਨ ਹਮਾਇਤ ਦਿੰਦਿਆਂ ਇਲਾਕੇ ਦੇ ਸਾਰੇ ਵਰਗਾਂ ਨੇ ਆਪਣਾ ਸਹਿਯੋਗ ਦਿੱਤਾ।
ਤਪਾ ਮੰਡੀ (ਸੀ. ਮਾਰਕੰਡਾ): ਕਿਸਾਨ ਜਥੇਬੰਦੀਆਂ ਦੇ ਹੱਕ ’ਚ ਤਪਾ ਦੇ ਆੜ੍ਹਤੀਆਂ, ਦੁਕਾਨਦਾਰਾਂ ਅਤੇ ਮਜ਼ਦੂਰਾਂ ਨੇ ਅੱਜ ਤਪਾ ਮੁਕੰਮਲ ਤੌਰ ’ਤੇ ਬੰਦ ਰੱਖਿਆ।
ਸਾਦਿਕ (ਗੁਰਪ੍ਰੀਤ ਸਿੰਘ): ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ, ਸਥਾਨਕ ਬਾਜ਼ਾਰ ਬੰਦ ਰਹੇ ਤੇ ਧਰਨਿਆਂ ਵਿੱਚ ਆਉਣ ਜਾਣ ਵਾਲੇ ਕਿਸਾਨਾਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਆਵਾਜਾਵੀ ਵੀ ਬੰਦ ਰਹੀ।
ਦੋਦਾ (ਜਸਵੀਰ ਸਿੰਘ ਭੁੱਲਰ): ਲੋਕਾਂ ਵੱਲੋਂ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਦੋਦਾ ਪੂਰਨ ਬੰਦ ਰਿਹਾ।
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਇਥੇ 31 ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਇੱਕ ਰੋਜ਼ਾ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਪੰਜਾਬ ਬੰਦ ਦੇ ਸੱਦੇ ਨੂੰ ਭਗਤਾ ਭਾਈ ਇਲਾਕੇ ਵਿਚ ਜ਼ਬਰਦਸਤ ਹੁੰਗਾਰਾ ਮਿਲਿਆ। ਸਥਾਨਕ ਸ਼ਹਿਰ ਦੇ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ।