ਖੇਤਰੀ ਪ੍ਰਤੀਨਿਧ
ਬਰਨਾਲਾ, 12 ਅਗਸਤ
ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਫੇਸਬੁੱਕ ਲਾਈਵ ਰਾਹੀਂ ਜ਼ਿਲ੍ਹਾ ਵਾਸੀਆਂ ਦੇ ਰੂ-ਬ-ਰੂ ਹੁੰਦਿਆਂ ਆਖਿਆ ਕਿ ਜ਼ਿਲ੍ਹੇ ਦੇ ਕੰਟੇਨਮੈਂਟ ਜ਼ੋਨਾਂ ਵਿੱਚ ਕਰੋਨਾ ਸਬੰਧੀ ਹਰ ਵਿਅਕਤੀ ਦੀ ਜਾਂਚ ਆਰੰਭੀ ਹੋਈ ਹੈ ਤਾਂ ਕਿ ਸਮੇਂ ਸਿਰ ਮਹਾਮਾਰੀ ਪੀੜਤ ਦੀ ਨਿਸ਼ਾਨਦੇਹੀ ਕਰਕੇ ਉਸ ਦੀ ਸਿਹਤ ਸੰਭਾਲ ਕੀਤੀ ਜਾ ਸਕੇ। ਇਹ ਟੈਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਏਡੀਸੀ (ਜਰਨਲ) ਆਦਿਤਿਆ ਡੇਚਲਵਾਲ ਵੀ ਮੌਜੂਦ ਸਨ। ਡੀਸੀ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 475 ਲੋਕ ਕਰੋਨਾ ਤੋਂ ਸੰਕ੍ਰਮਿਤ ਹੋ ਚੁੱਕੇ ਹਨ ਅਤੇ 334 ਐਕਟਿਵ ਕੇਸ ਹਨ। ਏਡੀਸੀ (ਜਨਰਲ) ਆਦਿਤਿਆ ਡੇਚਲਵਾਲ ਨੇ ਇੱਕ ਸੁਆਲ ਦੇ ਜੁਆਬ ਵਿੱਚ ਦੱਸਿਆ ਕਿ ਐਤਵਾਰ ਨੂੰ ਕੇਵਲ ਜ਼ਰੂਰੀ ਵਸਤਾਂ ਜਿਵੇਂ ਮੈਡੀਕਲ ਸਟੋਰ, ਮੈਡੀਕਲ ਲੈਬ, ਹਸਪਤਾਲ, ਦੁੱਧ ਅਤੇ ਦੁੱਧ ਦੇ ਉਤਪਾਦ ਦੀਆਂ ਦੁਕਾਨਾਂ, ਫ਼ਲ ਅਤੇ ਸਬਜ਼ੀਆਂ ਦੀਆਂ ਦੁਕਾਨਾਂ ਹੀ ਖੋਲ੍ਹਣ ਦੀ ਇਜਾਜ਼ਤ ਹੈ। ਜਦੋਂ ਕਿ ਕਰਿਆਨੇ ਦੀ ਦੁਕਾਨ ਜਾਂ ਸ਼ਾਪਿੰਗ ਮਾਲ ਨੂੰ ਜਾਂ ਕਿਸੇ ਵੀ ਹੋਰ ਅਦਾਰੇ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ।
ਕਰੋਨਾ ਦਾ ਮੁਫ਼ਤ ਚੈੱਕਅੱਪ ਕੈਂਪ
ਜਲਾਲਾਬਾਦ (ਪੱਤਰ ਪ੍ਰੇਰਕ): ਇੱਥੋਂ ਦੀ ਦਸਮੇਸ਼ ਨਗਰੀ ਵਿੱਚ ਕਰੋਨਾ ਮਰੀਜ਼ ਆਉਣ ਤੋਂ ਬਾਅਦ ਵਿਧਾਇਕ ਰਮਿੰਦਰ ਸਿੰਘ ਆਂਵਲਾ ਨੇ ਡਾਕਟਰਾਂ ਦੀ ਇੱਕ ਟੀਮ ਭੇਜ ਕੇ ਜਾਂਚ ਕਰਵਾਈ। ਇੱਥੇ ਰਾਜਧਾਨੀ ਪਬਲਿਕ ਸਕੂਲ ਵਿੱਚ ਕੈਂਪ ਦੌਰਾਨ ਲੋਕਾਂ ਦਾ ਮੁਫ਼ਤ ਕਰੋਨਾ ਟੈਸਟ ਕੀਤਾ ਜਾ ਰਿਹਾ ਹੈ। ਅੱਜ ਵਿਧਾਇਕ ਰਵਿੰਦਰ ਸਿੰਘ ਆਵਲਾ ਨੇ ਖੁਦ ਦਸਮੇਸ਼ ਨਗਰੀ ਵਿੱਚ ਪਹੁੰਚ ਕੇ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ।