ਗੁਰਜੰਟ ਕਲਸੀ
ਸਮਾਲਸਰ, 2 ਮਾਰਚ
ਲੰਗੇਆਣਾ ਕਲਾਂ ਵਾਟਰ ਵਰਕਸ ਸਪਲਾਈ ਮਾਮਲੇ ਵਿਚ ਨਵਾਂ ਮੋੜ ਆਇਆ ਹੈ। ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਕਰਕੇ ਪਿੰਡ ਦੇ ਬਹੁਤੇ ਲੋਕ ਪੇਚਸ਼ ਦੀ ਬਿਮਾਰੀ ਨਾਲ ਪੀੜਤ ਹੋਣ ਬਾਰੇ ਚਰਚਾ ਵੱਡੀ ਪੱਧਰ ’ਤੇ ਚੱਲ ਰਹੀ ਹੈ ਅਤੇ ਪਿੰਡ ਦੇ ਬਹੁਤ ਸਾਰੇ ਘਰਾਂ ਦੇ ਵਸਨੀਕਾਂ ਨੇ ਪਿਛਲੇ ਕਾਫ਼ੀ ਦਿਨਾਂ ਤੋਂ ਵਾਟਰ ਵਰਕਸ ਦਾ ਪਾਣੀ ਵਰਤਣਾ ਬਿਲਕੁਲ ਬੰਦ ਕਰ ਦਿੱਤਾ ਹੈ। ਉਨ੍ਹਾਂ ਨੂੰ ਸੰਤੁਸ਼ਟ ਕਰਵਾਉਣ ਅਤੇ ਖਰਾਬ ਪਾਣੀ ਦੀ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਉਣ ਲਈ ਦੁਬਾਰਾ ਫੇਰ ਜਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਐਕਸੀਅਨ ਚਰਨਦੀਪ ਸਿੰਘ, ਐਸਡੀਓ ਇਕਬਾਲ ਸਿੰਘ, ਜੇ. ਈ .ਮਨਵਿੰਦਰ ਸਿੰਘ, ਵੀਰ ਚੰਦ ਬੀ.ਆਰ.ਸੀ. ਅਤੇ ਸਮੂਹ ਨੱਥੂਵਾਲਾ ਡਵੀਜ਼ਨ ਟੀਮ ਵੱਲੋਂ ਪਿੰਡ ਵਿੱਚ ਡੋਰ ਟੂ ਡੋਰ ਘਰਾਂ ਦੀਆਂ ਟੂਟੀਆਂ ਦਾ ਜਾਇਜ਼ਾ ਲਿਆ ਗਿਆ। ਟੀਮ ਨੇ ਸਿੱਟਾ ਕੱਢਿਆ ਕਿ ਪਿੰਡ ਦੇ ਬਹੁਤੇ ਲੋਕਾਂ ਨੇ ਆਪਣੀਆਂ ਟੂਟੀਆਂ ’ਤੇ ਗੇਟ ਵਾਲ ਨਹੀਂ ਲਗਵਾਏ ਹੋਏ ਅਤੇ ਕੁਝ ਘਰਾਂ ਵਿੱਚ ਸਥਿਤ ਲੈਟਰੀਨਾਂ ਦੀਆਂ ਸੀਟਾਂ ਵਿੱਚ ਆਰਜ਼ੀ ਪਾਈਪ ਲਗਾ ਕੇ ਟੂਟੀਆਂ ਖੁੱਲ੍ਹੀਆਂ ਚੱਲਦੀਆਂ ਕੀਤੀਆਂ ਹੋਈਆਂ ਹਨ ਜਿਸ ਕਾਰਨ ਸਾਫ਼ ਪਾਣੀ ਗੰਦੇ ਪਾਣੀ ਵਿੱਚ ਮਿਲਾਵਟ ਹੋ ਕੇ ਬਾਕੀ ਪਾਈਪ ਲਾਈਨ ਰਾਹੀਂ ਅੱਗੇ ਖ਼ਰਾਬੀ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਟਰੀਟਮੈਂਟ ਪਲਾਂਟ ਦੌਧਰ ਤੋਂ ਪਾਣੀ ਦੀ ਸਪਲਾਈ ’ਚ ਖ਼ਰਾਬੀ ਨੂੰ ਅਫਵਾਹਾਂ ਦੱਸਿਆ। ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪਿੰਡ ਦੇ ਸਾਬਕਾ ਪੰਚ ਗੁਰਚਰਨ ਸਿੰਘ, ਮੁਖਤਿਆਰ ਸਿੰਘ, ਨਿਧਾਨ ਸਿੰਘ, ਰਾਮ ਸਿੰਘ, ਹਰਪ੍ਰੀਤ ਸਿੰਘ, ਜਗਸੀਰ ਸਿੰਘ ਅਤੇ ਹੋਰ ਨਗਰ ਨਿਵਾਸੀਆਂ ਨੇ ਸੰਤੁਸ਼ਟੀ ਨਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਉਹ ਪਿੰਡ ਵਿੱਚ ਬਾਹਰ ਤੋਂ ਆ ਰਹੇ ਪਾਣੀ ਦੀ ਵਰਤੋਂ ਬਿਲਕੁਲ ਨਹੀਂ ਕਰਨਗੇ ਅਤੇ ਸਿਰਫ਼ ਪਿੰਡ ਦੇ ਵਾਟਰ ਵਰਕਸ ਦੇ ਡੂੰਘੇ ਬੋਰ ਦਾ ਹੀ ਪਾਣੀ ਵਰਤਣਗੇ। ਇਸ ਸਬੰਧੀ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੌਧਰ ਟਰੀਟਮੈਂਟ ਪਲਾਂਟ ਵਾਲੇ ਪਾਣੀ ਦਾ ਕੁਝ ਦਿਨ ਲਈ ਆਰਜ਼ੀ ਤੌਰ ਤੇ ਗੇਟ ਵਾਲ ਬੰਦ ਕਰਕੇ ਪਿੰਡ ਦੇ ਵਾਟਰ ਵਰਕਸ ਵਾਲਾ ਪਾਣੀ ਹੀ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਐਸ.ਐਮ.ਓ. ਡਾ. ਸੰਜੇ ਪਵਾਰ , ਸੀਨੀਅਰ ਸੁਪਰਵਾਈਜ਼ਰ ਰੇਸ਼ਮ ਸਿੰਘ ਠੱਠੀ ਭਾਈ, ਰਾਜਿੰਦਰ ਕੌਰ ਸੁਪਰਵਾਈਜ਼ਰ ਵੱਲੋਂ ਪਿੰਡ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪੀੜਤ ਪਰਿਵਾਰਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਤੋਂ ਬਚਾਅ ਵਾਸਤੇ ਕੁਝ ਦਵਾਈਆਂ ਮੁਹੱਈਆ ਕੀਤੀਆਂ। ਉਨ੍ਹਾਂ ਪਿੰਡ ਦੀਆਂ ਆਸ਼ਾ ਵਰਕਰਾਂ ਅਤੇ ਪਤਵੰਤਿਆਂ ਨੂੰ ਕਿਹਾ ਕਿ ਜੇ ਕੋਈ ਨਵਾਂ ਕੇਸ ਸਾਹਮਣੇ ਆਵੇ ਤਾਂ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਇਸ ਸਬੰਧੀ ਸਿਹਤ ਵਿਭਾਗ ਦੇ ਸੀਨੀਅਰ ਸੁਪਰਵਾਈਜ਼ਰ ਰੇਸ਼ਮ ਸਿੰਘ ਠੱਠੀ ਭਾਈ ਨੇ ਕਿਹਾ ਕਿ ਹੁਣ ਪਿੰਡ ਵਿੱਚ ਸਾਰੇ ਮਰੀਜ਼ ਠੀਕ ਹਨ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ।