ਨਿੱਜੀ ਪੱਤਰ ਪ੍ਰੇਰਕ/ਪੱਤਰ ਪੇ੍ਰਕ
ਬਠਿੰਡਾ, 15 ਅਕਤੂਬਰ
ਇਥੇ ਰੇਲਵੇ ਗਰਾਊਂਡ ਅਤੇ ਐਮਐਸਡੀ ਸਕੂਲ ਵਿਖੇ ਬਦੀ ’ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦਾ ਤਿਉਹਾਰ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਵਿਚ ਮੁੱਖ ਮਹਿਮਾਨ ਵਜੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਇਸ ਮੌਕੇ ਰਵਾਇਤ ਅਨੁਸਾਰ ਬੁਰਾਈ ਦੇ ਪ੍ਰਤੀਕ ਰਾਵਣ, ਮੇਘ ਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਗਏ। ਇਨ੍ਹਾਂ ਸਮਾਗਮਾਂ ਦੌਰਾਨ ਪ੍ਰਭੂ ਸ਼੍ਰੀ ਰਾਮ ਦੇ ਜੀਵਨ ਨੂੰ ਰੂਪਮਾਨ ਕਰਦੀਆਂ ਕਲਾਕਾਰਾਂ ਵਲੋਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਸਮਾਗਮਾਂ ਦੌਰਾਨ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ, ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ। ਇਸੇ ਦੌਰਾਨ ਬਠਿੰਡਾ ਵਿੱਚ ਰੇਲਵੇ ਲਾਈਨ ਤੋਂ ਕੁਝ ਹੀ ਮੀਟਰ ਦੂਰ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ।
ਸ਼ਹਿਣਾ (ਪੱਤਰ ਪੇ੍ਰਕ): ਕਸਬਾ ਸ਼ਹਿਣਾ ਅਤੇ ਇਲਾਕੇ ਦੇ ਪਿੰਡਾਂ ’ਚ ਦਸਹਿਰੇ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਾਜ਼ਾਰਾਂ ’ਚ ਕਾਫੀ ਰੌਣਕ ਸੀ। ਤਿਉਹਾਰ ਨੂੰ ਲੈਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਲਾਗਲੇ ਪਿੰਡ ਮੌੜਾਂ, ਉਗੋਕੇ, ਸੁਖਪੁਰਾ ਆਦਿ ‘ਚ ਵੀ ਦਸਹਿਰੇ ਦਾ ਤਿਉਹਾਰ ਮਨਾਇਆ ਗਿਆ।
ਮਹਿਲ ਕਲਾਂ (ਪੱਤਰ ਪੇ੍ਰਕ): ਦਸਹਿਰਾ ਕਮੇਟੀ ਮਹਿਲ ਕਲਾਂ ਵੱਲੋਂ ਦੋਵੇਂ ਗ੍ਰਾਮ ਪੰਚਾਇਤਾਂ, ਸਮੂਹ ਦੁਕਾਨਦਾਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 15ਵਾਂ ਦੁਸਹਿਰਾ ਮੇਲਾ ਕਰਵਾਇਆ ਗਿਆ। ਇਸ ਮੇਲੇ ‘ਚ ਪੰਜਾਬੀ ਦੇ ਬਹੁਤ ਨਾਮਵਰ ਗਾਇਕਾਂ ਨੇ ਹਾਜ਼ਰੀ ਭਰੀ। ਮੇਲੇ ਦੇ ਪ੍ਰਬੰਧਕਾਂ ਜਸਵਿੰਦਰ ਸਿੰਘ ਮਾਂਗਟ, ਅਜਮੇਰ ਸਿੰਘ ਭੱਠਲ, ਗੁਰਸੇਵਕ ਸਿੰਘ ਸਹੋਤਾ, ਹਰਪਾਲ ਸਿੰਘ ਪਾਲੀ ਆਦਿ ਨੇ ਇਸ ਮੌਕੇ ਭਾਈਚਾਰਕ ਏਕਤਾ ਦਾ ਸੁਨੇਹਾ ਦਿੱਤਾ।
ਤਪਾ ਮੰਡੀ (ਪੱਤਰ ਪੇ੍ਰਕ): ਆਜ਼ਾਦ ਕਲਚਰਲ ਡ੍ਰਾਮੈਟਿਕ ਐਂਡ ਰਾਮ ਲੀਲਾ ਕਮੇਟੀ ਵੱਲੋਂ ਰਾਮ ਲੀਲਾ ਮੈਦਾਨ ਵਿਚ ਦਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਦੇ ਖਾਣ ਪੀਣ ਅਤੇ ਖੇਡਾਂ ਦੇ ਸਾਮਾਨ ਦੀਆਂ ਦੁਕਾਨਾਂ ਖ਼ੂਬ ਸਜਾਹੀਆਂ ਗਈਆਂ। ਦੁਸਹਿਰੇ ਦੇ ਮੇਲੇ ਵਿਚ ਵਾਹਵਾ ਰੌਣਕਾਂ ਲੱਗੀਆਂ ਰਹੀਆਂ। ਰਾਮ ਲੀਲਾ ਕਮੇਟੀ ਦੇ ਪ੍ਰਧਾਨ ਧਰਮਪਾਲ ਸ਼ਰਮਾ ਦੀ ਅਗਵਾਈ ਹੇਠ ਭਾਂਤ ਭਾਂਤ ਦੀਆਂ ਝਾਕੀਆਂ ਵੀ ਪ੍ਰਦਰਸਿਤ ਕੀਤੀਆਂ ਗਈਆਂ। ਰਾਵਣ, ਮੇਘਨਾਦ ਅਤੇ ਕੰੁਭਕਰਨ ਦੇ ਪੁਤਲੇ ਅਗਨ ਭੇਟ ਕੀਤੇ ਗਏ।
ਗਿੱਦੜਬਾਹਾ (ਪੱਤਰ ਪੇ੍ਰਕ): ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਹਿਯੋਗ ਨਾਲ ਗਿੱਦੜਬਾਹਾ ਵਿਖੇ ਜਿਲ੍ਹਾ ਪੱਧਰੀ ਦਸਹਿਰਾ ਮੇਲਾ ਲਗਾਇਆ ਗਿਆ। ਇਸ ਮੌਕੇ ਰਾਜਾ ਵੜਿੰਗ ਨੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ। ਇਸ ਮੌਕੇ ਗਾਇਕ ਜਸਵੀਰ ਜੱਸੀ ਤੇ ਗੁਲਾਬ ਸਿੱਧੂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕੇ ਪਿਛਲੀ ਸਰਕਾਰ ਦੇ 10 ਸਾਲ ਅਤੇ ਕੈਪਟਨ ਸਰਕਾਰ ਦੇ ਸਾਢੇ 4 ਸਾਲ ਟਰਾਂਸਪੋਰਟ ਮਾਫੀਆ ਦੇ ਨਕੇਲ਼ ਨਹੀਂ ਪਾ ਸਕੇ ਪ੍ਰੰਤੂ ਉਹ ਪੰਜਾਬ ਦੀ ਜਨਤਾ ਨੂੰ ਯਕੀਨ ਦਵਾਉਦੇ ਹਨ ਕਿ 15 ਦਿਨਾਂ ਦੇ ਅੰਦਰ-ਅੰਦਰ ਟਰਾਂਸਪੋਰਟ ਮਾਫੀਆ ਖਤਮ ਕਰ ਦਿਤਾ ਜਾਵੇਗਾ ਅਤੇ ਇਸ ਗੱਲ ਦਾ ਵੀ ਭਰੋਸਾ ਦਿੰਦੇ ਹਨ ਕਿ 15 ਦਿਨਾਂ ਬਾਅਦ ਪੀ. ਆਰ. ਟੀ. ਸੀ., ਪਨਬਸ ਅਤੇ ਪੰਜਾਬ ਰੋਡਵੇਜ ਮੁਨਾਫੇ ਵਿਚ ਆ ਜਾਣਗੀਆਂ।
ਭੁੱਚੋ ਵਿੱਚ ਮੁੱਖ ਮਹਿਮਾਨ ਬਣੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ
ਭੁੱਚੋ ਮੰਡੀ (ਪੱਤਰ ਪੇ੍ਰਕ): ਦਸਹਿਰਾ ਉਤਸਵ ਕਮੇਟੀ ਅਤੇ ਨਗਰ ਕੌਂਸਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਸਹਿਰੇ ਦਾ ਤਿਉਹਾਰ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੁਸ਼ਹਿਰੇ ਦੇ ਪ੍ਰਬੰਧਕਾਂ ਨੂੰ ਇੱਕ ਲੱਖ ਇੱਕ ਹਜ਼ਾਰ ਰੁਪਏ ਭੇਟ ਕੀਤੇ ਅਤੇ ਪ੍ਰਬੰਧਕਾਂ ਅਤੇ ਸਹਿਯੋਗੀ ਵਾਲੰਟੀਅਰਾਂ ਨੂੰ ਸਨਮਾਨਿਤ ਕੀਤਾ। ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ, ਵਿਨੋਦ ਬਿੰਟਾ, ਮਾਰਕੀਟ ਕਮੇਟੀ ਦੇ ਚੇਅਰਮੈਨ ਨਾਹਰ ਸਿੰਘ ਅਤੇ ਉੱਪ ਚੇਅਰਮੈਨ ਵਰਿੰਦਰ ਗਨੂੰ ਨੇ ਵਿਧਾਇਕ ਦਾ ਸਨਮਾਨ ਕੀਤਾ। ਰਾਵਣ ਦੇ ਬੁੱਤ ਨੂੰ ਕੌਂਸਲਰ ਅੰਜ਼ਲੀ ਗਰਗ ਨੇ ਅਗਨੀ ਦਿਖਾਈ। ਇਸ ਮੌਕੇ ਟਵਿੰਕਲ ਬਾਂਸਲ, ਮੁਕੇਸ਼ ਸ਼ਰਮਾ, ਜੀਵਨ ਬਾਂਸਲ ਟੋਨੀ ਬਾਂਸਲ, ਪਵਨ ਭੋਲਾ, ਰਣਧੀਰ ਸਿੰਘ ਜੋੜਾ, ਖੁਸ਼ੀ ਜੌੜਾ ਅਤੇ ਪੰਕਜ ਗਰਗ ਆਦਿ ਹਾਜ਼ਰ ਸਨ।