ਜੋਗਿੰਦਰ ਸਿੰਘ ਮਾਨ
ਮਾਨਸਾ, 21 ਜੁਲਾਈ
ਅੱਜ ਸਵੇਰੇ ਦਿਨ ਚੜ੍ਹਦੇ ਨੂੰ ਪੈਣ ਲੱਗੇ ਭਾਰੀ ਮੀਂਹ ਨੇ ਮਾਨਸਾ ਨੂੰ ਜਲ-ਥਲ ਕਰਕੇ ਰੱਖ ਦਿੱਤਾ। ਬੱਚਿਆਂ ਨੂੰ ਸਕੂਲ ਜਾਣ ਵਿੱਚ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪਿਆ। ਅਨੇਕਾਂ ਬੱਚਿਆਂ ਨੂੰ ਸ਼ਹਿਰ ਦੇ ਬਾਜ਼ਾਰਾਂ ਵਿੱਚ ਖੜ੍ਹੇ ਗੋਡੇ-ਗੋਡੇ ਪਾਣੀ ਵਿਚੋਂ ਦੀ ਲੰਘਣਾ ਪਿਆ। ਮੌਸਮ ਵਿਭਾਗ ਵੱਲੋਂ ਮੀਂਹ ਦੀ ਦਿੱਤੀ ਚਿਤਾਵਨੀ ਦੇ ਬਾਵਜੂਦ ਨਗਰ ਕੌਸਲ ਅਤੇ ਸੀਵਰੇਜ ਬੋਰਡ ਦੇ ਸਾਰੇ ਪ੍ਰਬੰਧ ਧਰੇ-ਧਰਾਏ ਰਹਿ ਗਏ। ਦੇਰ ਸ਼ਾਮ ਤੱਕ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਚਾਰ-ਚੁਫੇਰੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ।
ਸਵੇਰ ਵੇਲੇ ਪੈਣ ਲੱਗੇ ਇਸ ਮੀਂਹ ਨਾਲ ਮਾਨਸਾ ਦੀਆਂ ਸਾਰੀਆਂ ਨੀਵੀਂਆਂ ਬਸਤੀਆਂ ਵਿਚ ਪਾਣੀ ਭਰ ਗਿਆ, ਪਾਣੀ ਦੇ ਠੀਕ ਨਿਕਾਸ ਨਾ ਹੋਣ ਕਾਰਨ ਭਰੀਆਂ ਗਲੀਆਂ ਤੋਂ ਬਾਅਦ ਕਈ ਮੁਹੱਲਿਆਂ ਵਿਚ ਲੋਕਾਂ ਦੇ ਘਰਾਂ ’ਚ ਪਾਣੀ ਦਾਖ਼ਲ ਹੋ ਗਿਆ। ਲੋਕ ਇਸ ਸਬੰਧੀ ਲੋੜੀਂਦੇ ਬੰਦੋਬਸਤ ਕਰਦੇ ਹੋਏ ਪ੍ਰਸ਼ਾਸਨ ਨੂੰ ਕੋਸ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਵਾਰ ਬਾਰਸ਼ਾਂ ਦੇ ਦਿਨਾਂ ਦੌਰਾਨ ਸ਼ਹਿਰ ਦਾ ਬੁਰਾ ਹਾਲ ਹੋ ਜਾਂਦਾ ਹੈ, ਫਿਰ ਕਿਉਂ ਨਹੀਂ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਂਦੇ।
ਇੰਦਰ ਦੇਵਤੇ ਦੀ ਹੋਈ ਕਿਰਪਾ ਕਾਰਨ ਮਾਨਸਾ ਬੱਸ ਸਟੈਂਡ ਤੋਂ ਸਾਰੇ ਮੁੱਖ ਬਾਜ਼ਾਰ, ਚਹਿਲ ਸਟਰੀਟ, ਜ਼ਿਲ੍ਹਾ ਕਚਹਿਰੀ ਰੋਡ, ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਰੋਡ ਅਤੇ ਸ਼ਹਿਰ ਦੀਆਂ ਬਹੁਤੀਆਂ ਗਲੀਆਂ ਪਾਣੀ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ।
ਭਦੌੜ (ਰਾਜਿੰਦਰ ਵਰਮਾ): ਇੱਥੇ ਅੱਜ ਸਵੇਰੇ ਪਏ ਭਾਰੀ ਮੀਂਹ ਕਾਰਨ ਜਿੱਥੇ ਕਸਬੇ ਦੀਆਂ ਗਲੀਆਂ ਨੱਕੋ-ਨੱਕ ਭਰ ਦਿੱਤੀਆਂ ਉਥੇ ਸੈਂਕੜੇ ਏਕੜ ਝੋਨੇ, ਨਰਮਾ ਅਤੇ ਸਬਜ਼ੀਆਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਤੇ ਪੱਤੀ ਮੋਹਰ ਸਿੰਘ ’ਚੋਂ ਲੰਘਦੀ ਡਰੇਨ ਨੂੰ ਲੈ ਕੇ ਕਿਸਾਨਾਂ ਵਿਚਕਾਰ ਟਕਰਾਅ ਹੋਣੋਂ ਬਚ ਗਿਆ।
ਸਵੇਰੇ ਤਕਰੀਬਨ ਤਿੰਨ ਵਜੇ ਮੀਂਹ ਪੈਣਾ ਸ਼ੁਰੂ ਜੋ 7 ਵਜੇ ਤੱਕ ਪੈਂਦਾ ਰਿਹਾ। ਕਸਬੇ ਦੇ ਛੱਪੜ ਪਹਿਲਾਂ ਹੀ ਭਰੇ ਹੋਣ ਕਰਕੇ ਮੀਂਹ ਦਾ ਪਾਣੀ ਫਿਰਨੀਆਂ ’ਤੇ ਫਿਰ ਰਿਹਾ ਹੈ। ਅੱਜ ਪਏ ਭਾਰੀ ਮੀਂਹ ਕਾਰਨ ਸਿਵਲ ਹਸਪਤਾਲ, ਕੋਆਪਰੇਟਿਵ ਸੁਸਾਇਟੀ, ਮੁਹੱਲਾ ਗਰੇਵਾਲ, ਸਬ-ਤਹਿਸੀਲ ਅਤੇ ਥਾਣੇ ਅੰਦਰ ਵੀ ਪਾਣੀ ਭਰ ਗਿਆ। ਮੁਹੱਲਾ ਮਾਨਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੰਦਰ ਵੀ ਇੱਕ ਫੁੱਟ ਪਾਣੀ ਭਰ ਗਿਆ। ਕਿਸਾਨ ਤਰਸੇਮ ਚੰਦ, ਕਾਲਾ ਸਿੰਘ, ਗੁਰਮੀਤ ਸਿੰਘ ਨੇ ਦੱਸਿਆ ਕਿ ਮੱਝੂਕੇ ਪਿੰਡ ਤੋਂ ਜੰਗੀਆਣਾ ਤੱਕ 60 ਫੁੱਟ ਚੌੜੀ ਡਰੇਨ ਲੰਘਦੀ ਹੈ ਪਰ ਇਸ ਦੇ ਨਾਲ ਲੱਗਦੇ ਕਿਸਾਨਾਂ ਨੇ ਡਰੇਨ ਪੂਰ ਕੇ ਆਪਣੀ ਜ਼ਮੀਨ ਵਿੱਚ ਰਲਾਈ ਹੋਈ ਹੈ। ਜਦੋਂ ਬਰਸਾਤ ਆਉਂਦੀ ਹੈ ਉਸ ਵਕਤ ਬਾਕੀ ਕਿਸਾਨਾਂ ਨੂੰ ਪ੍ਰਸ਼ਾਨੀ ਝੱਲਣੀ ਪੈਂਦੀ ਹੈ। ਕੁਝ ਕਿਸਾਨ ਡਰੇਨ ਦੀਆਂ ਪੁਲੀਆਂ ਨਹੀਂ ਖੋਲ੍ਹਣ ਦੇ ਰਹੇ ਸਨ ਤਾਂ ਪੱਤੀ ਮੋਹਰ ਸਿੰਘ ਦੇ ਸਰਪੰਚ ਗੁਰਮੀਤ ਸਿੰਘ ਨੇ ਪੁਲੀਸ ਦੀ ਮਦਦ ਨਾਲ ਡਰੇਨ ਦੀਆਂ ਪੁਲੀਆਂ ਖੁੱਲ੍ਹਵਾਈਆਂ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਰੇਨ ਦੀ ਸਫ਼ਾਈ ਕਰਵਾ ਕੇ ਡਰੇਨ ਨੂੰ ਚਾਲੂ ਕੀਤਾ ਜਾਵੇ।
ਬੋਹਾ ’ਚ ਲੋਕਾਂ ਦੇ ਘਰਾਂ ਵਿੱਚ ਵੜਿਆ ਮੀਂਹ ਦਾ ਪਾਣੀ
ਬੋਹਾ (ਨਿਰੰਜਣ ਬੋਹਾ): ਬੋਹਾ ਕਸਬੇ ਵਿੱਚ ਬੀਤੀ ਰਾਤ ਤੇ ਅੱਜ ਸਵੇਰ ਪਏ ਭਾਰੀ ਮੀਂਹ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਬਰਸਾਤ ਕਾਰਨ ਛੋਟੇ ਬੱਸ ਅੱਡੇ ਨੇੜਲੇ ਸ਼ਹੀਦ ਅਮਰੀਕ ਸਿੰਘ ਯਾਦਗਾਰੀ ਗੇਟ ਸਮੇਤ ਸ਼ਹਿਰ ਦੇ ਬਹੁਤ ਸਾਰੇ ਰਸਤਿਆਂ ’ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਤੇ ਲੋਕਾਂ ਨੂੰ ਟਰੈਕਟਰ ਟਰਾਲੀਆਂ ਵਿੱਚ ਸਵਾਰ ਹੋ ਕੇ ਇਕ ਥਾਂ ਤੋਂ ਦੂਜੀ ਥਾਂ ਜਾਣਾ ਪੈ ਰਿਹਾ ਹੈ। ਸ਼ਹਿਰ ਦੇ ਵਾਰਡ ਨੰ. 9, 10, 11 ਦੀਆਂ ਮੁੱਖ ਗਲੀਆਂ, ਭਾਗ ਸਿੰਘ ਟੇਲਰ ਵਾਲੀ ਗਲੀ, ਬੱਸ ਅੱਡੇ ਵਾਲੀ ਗਲੀ ਤੇ ਮਦਾਨੀ ਮੁਹੱਲਾ ਆਦਿ ਵਿੱਚ ਤਿੰਨ-ਤਿੰਨ ਫੁੱਟ ਪਾਣੀ ਖੜ੍ਹਨ ਕਾਰਨ ਜਿੱਥੇ ਅੱਜ ਵੱਡੀ ਗਿਣਤੀ ਵਿਚ ਵਿਦਿਆਰਥੀ ਸਕੂਲ ਨਹੀਂ ਜਾ ਸਕੇ ਉੱਥੇ ਪਾਣੀ ਲੋਕਾਂ ਦੇ ਘਰਾਂ ਵਿੱਚ ਦਾਖ਼ਲ ਹੋ ਜਾਣ ਕਾਰਨ ਇਨ੍ਹਾਂ ਗਲੀਆ ਦੇ ਵਸਨੀਕ ਵੀ ਬਹੁਤ ਪ੍ਰੇਸ਼ਾਨ ਵਿਖਾਈ ਦਿੱਤੇ। ਅੱਜ ਘਰਾਂ ’ਚ ਪਾਣੀ ਦਾਖਲ ਹੋਣ ਕਾਰਨ ਸ਼ਹਿਰ ਦੇ ਬਹੁਤ ਸਾਰੇ ਦੁਕਾਨਦਾਰ ਤੇ ਹੋਰ ਲੋਕ ਆਪਣੇ ਕੰਮਾਂ ਕਾਰਾਂ ’ਤੇ ਨਹੀਂ ਜਾ ਸਕੇ। ਵਪਾਰ ਮੰਡਲ ਦੇ ਆਗੂ ਸੁਰਿੰਦਰ ਮੰਗਲਾ ਤੇ ਸਮਾਜ ਸੇਵੀ ਮਨੋਜ ਕੁਮਾਰ ਢੋਲਾ ਤੇ ਸੁਰਿੰਦਰ ਸੇਰਖਾਂ ਵਾਲਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੋਹਾ ਦੇ ਬੰਦ ਪਏ ਸੀਵਰੇਜ ਸਿਸਟਮ ਨੂੰ ਛੇਤੀ ਹੀ ਚਾਲੂ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਮਸਲਾ ਤਰੁੰਤ ਹੱਲ ਕੀਤਾ ਜਾਵੇ।