ਇਕਬਾਲ ਸਿੰਘ ਸ਼ਾਂਤ
ਲੰਬੀ, 30 ਜੂਨ
ਅੱਜ ਪਿੰਡ ਘੁਮਿਆਰਾ ਵਿੱਚ ਭਾਕਿਯੂ ਏਕਤਾ ਉਗਰਾਹਾਂ ਦੇ ਸੰਘਰਸ਼ ਕਾਰਨ ਕਿਸਾਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ਵਿੱਚ ਆੜ੍ਹਤੀ ਧਿਰ ਕਬਜ਼ਾ ਨਹੀਂ ਕਰ ਸਕੀ। ਕਾਨੂੰਨਗੋ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੁੱਜੇ ਦਰਜਨ ਪੁਲੀਸ ਮੁਆਜ਼ਮਾਂ ਨੂੰ ਕਿਸਾਨਾਂ ਦੀ ਵੱਡੀ ਤਾਦਾਦ ਕਾਰਨ ਬੇਰੰਗ ਪਰਤਣਾ ਪਿਆ। ਇਸ ਮੌਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਭਾਕਿਯੂ (ਏਕਤਾ) ਉਗਰਾਹਾਂ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਹੇਠ ਜਗਨੰਦਨ ਸਿੰਘ ਦੇ ਖੇਤ ’ਚ ਵੱਖ-ਵੱਖ ਪਿੰਡਾਂ ਵਿੱਚੋਂ ਕਿਸਾਨ ਪੁੱਜੇ। ਕਿਸਾਨਾਂ ਨੇ ਆੜ੍ਹਤੀਏ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸਤੋਂ ਪਹਿਲਾਂ 28 ਫਰਵਰੀ ਤੇ 2 ਮਾਰਚ ’ਚ ਪੁਲੀਸ ਇਮਦਾਦ ਨਾ ਮਿਲਣ ਕਰਕੇ ਅਦਾਲਤੀ ਦਖ਼ਲ ਤਹਿਤ ਕਬਜ਼ਾ ਕਾਰਵਾਈ ਨਹੀਂ ਹੋ ਸਕੀ। ਇਸ ਮੌਕੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ ਨੇ ਦੱਸਿਆ ਕਿ ਪੌਨੇ ਦੋ ਦਹਾਕੇ ਪਹਿਲਾਂ ਡੀ.ਐੱਸ.ਪੀ. ਦੇ ਕਥਿਤ ਦਬਾਅ ਕਾਰਨ ਡੱਬਵਾਲੀ ਥਾਣੇ ’ਚ ਘੁਮਿਆਰਾ ਦੇ ਕਿਸਾਨ ਜਗਨੰਦਨ ਸਿੰਘ ਦੀ 33 ਕਨਾਲ ਜ਼ਮੀਨ ਨੂੰ ਇੱਕ ਨੰਬਰਦਾਰ ਦੇ ਨਾਂ ਦਾ ਇਕਰਾਰਨਾਮਾ ਲਿਖਵਾ ਦਿੱਤਾ ਸੀ। ਜਿਸ ਵਿੱਚ ਲੱਖ ਰੁਪਏ ਤੋਂ ਵਧਾ ਕੇ 9.60 ਲੱਖ ਰੁਪਏ ਦੀ ਪੰਜ ਏਕੜ ਜ਼ਮੀਨ (2.40 ਲੱਖ ਪ੍ਰਤੀ ਏਕੜ) ਅਦਾਲਤ ਜਰੀਏ ਇੱਕ ਨੰਬਰਦਾਰ ਦੇ ਨਾਂ ਕਰਵਾ ਦਿੱਤੀ ਸੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਇਹ ਨੰਬਦਰਾਰ ਮੌਤ ਤੋਂ ਪਹਿਲਾਂ ਆਪਣੀ ਜੱਦੀ ਜ਼ਮੀਨ ਦੀ ਵਸੀਅਤ ਆਪਣੇ ਪਰਿਵਾਰ ਦੇ ਨਾਂ ਕਰ ਗਿਆ ਹੈ। ਜਦੋਂਕਿ ਜਗਨੰਦਨ ਸਿੰਘ ਤੋਂ ਜ਼ਬਰੀ ਚਾਰ ਏਕੜ ਦੀ ਵਸੀਅਤ ਆੜ੍ਹਤੀਆ ਪਰਿਵਾਰ ਨਾਂ ਕਰ ਗਿਆ। ਇਹ ਸਮੁੱਚੇ ਤੱਥ ਵੱਡੀ ਜਾਅਲਸਾਜ਼ੀ ਨੂੰ ਜਾਹਰ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਕੀਮਤ ’ਤੇ ਆੜ੍ਹਤੀਏ ਨੂੰ ਜ਼ਮੀਨ ’ਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਨੇ ਅਹਿਦ ਲਿਆ ਕਿ ਭਾਵੇਂ ਕੁਝ ਵੀ ਹੋ ਜਾਵੇ ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ।
ਇਸ ਮੌਕੇ ਜ਼ਿਲ੍ਹਾ ਆਗੂ ਗੁਰਭਗਤ ਸਿੰਘ ਭਲਾਈਆਣਾ, ਹਰਬੰਸ ਸਿੰਘ ਕੋਟਲੀ, ਪਾਲ ਸਿੰਘ ਕਿੱਲਿਆਂਵਾਲੀ, ਭੁਪਿੰਦਰ ਚੰਨੂ, ਨਿਸ਼ਾਨ ਕੱਖਾਂਵਾਲੀ, ਗੁਰਤੇਜ ਸਿੰਘ ਖੁੱਡੀਆਂ, ਮਲਕੀਤ ਗੱਗੜ, ਕੁਲਦੀਪ ਕਰਮਗੜ੍ਹ ਤੇ ਮਨੋਹਰ ਸਿੱਖਵਾਲਾ ਹਾਜ਼ਰ ਸਨ।