ਖੇਤਰੀ ਪ੍ਰਤੀਨਿਧ
ਬਰਨਾਲਾ, 22 ਅਕਤੂਬਰ
ਧੂਰੀ ਤੋਂ ਬਰਨਾਲਾ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਕੋਠੇ ਸੁਰਜੀਤਪੁਰਾ ਵਿੱਚ ਅਚਾਨਕ ਟਾਇਰ ਫ਼ਟਣ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਇੱਕ ਦੁਕਾਨ ਵਿੱਚ ਵੱਜ ਗਈ। ਹਾਦਸੇ ਦੌਰਾਨ ਬੱਸ ਚਾਲਕ ਸਮੇਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ ਤੇ ਦੁਕਾਨ ਵੀ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਈ। ਜਦਕਿ ਦੁਕਾਨ ਚਾਲਕ ਵਾਲ ਵਾਲ ਬਚ ਗਏੇ।
ਪ੍ਰਾਪਤ ਜਾਣਕਾਰੀ ਅਨੁਸਾਰ, ਧੂਰੀ ਬੱਸ ਕੰਪਨੀ ਦੀ ਮਿੰਨੀ ਬੱਸ ਬਾਅਦ ਦੁਪਹਿਰ ਧੂਰੀ ਤੋਂ ਬਰਨਾਲਾ ਵੱਲ ਨੂੰ ਆ ਰਹੀ ਸੀ। ਜਿਉਂ ਹੀ ਬੱਸ ਬਰਨਾਲਾ ਸ਼ਹਿਰ ਨੇੜੇ ਸੁਰਜੀਤ ਪੁਰੇ ਕੋਠਿਆਂ ’ਚ ਪੁੱਜੀ ਤਾਂ ਉਸ ਦਾ ਅਚਾਨਕ ਟਾਇਰ ਫ਼ਟ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਸਥਿਤ ਅਮਰਜੀਤ ਸਿੰਘ ਦੇ ਮਕਾਨ ਅੰਦਰ ਸੜਕ ’ਤੇ ਹੀ ਬਣਾਈ ਦੁਕਾਨ ਵਿੱਚ ਜਾ ਵੱਜੀ। ਇਸ ਹਾਦਸੇ ਵਿੱਚ ਬੱਸ ਚਾਲਕ ਦੀਵਾਨ ਸਿੰਘ ਵਾਸੀ ਬੜੀ (ਸ਼ੇਰਪੁਰ), ਕੰਡਕਟਰ ਬਲਵਿੰਦਰ ਸਿੰਘ ਵਾਸੀ ਪੇਧਨੀ (ਨੇੜੇ ਧੂਰੀ) ਤੋਂ ਇਲਾਵਾ ਪੁਨੀਤ ਕੌਰ ਵਾਸੀ ਚਕਰ (ਲੁਧਿਆਣਾ), ਸੰਦੀਪ ਕੌਰ, ਸੁਖਦੇਵ ਕੌਰ, ਸੁਖਦੇਵ ਸਿੰਘ ਸਮੇਤ ਅੱਧੀ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਦੋਂਕਿ ਦੁਕਾਨ ਵੀ ਢਹਿ-ਢੇਰੀ ਹੋ ਗਈ। ਜ਼ਖ਼ਮੀਆਂ ਨੂੰ 108 ਐਂਬੂਲੈਂਸ ਦੇ ਈਐੱਮਟੀ ਦਵਿੰਦਰ ਸਿੰਘ ਤੇ ਪਾਇਲਟ ਜੁਗਰਾਜ ਸਿੰਘ ਵੱਲੋਂ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖ਼ਲ ਕਰਵਾਇਆ ਗਿਆ। ਕਈ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਦਾਖ਼ਲ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਿਟੀ-2 ਬਰਨਾਲਾ ਦੇ ਐੱਸਐੱਚਓ ਸੁਖਵਿੰਦਰ ਸਿੰਘ ਨਾਲ ਨੇ ਦੱਸਿਆ ਕਿ ਹਾਦਸੇ ਸਬੰਧੀ ਉਨ੍ਹਾਂ ਨੂੰ ਹਸਪਤਾਲ ’ਚੋਂ ਕੋਈ ਰੁੱਕਾ ਪ੍ਰਾਪਤ ਨਹੀਂ ਹੋਇਆ। ਵਿਧੀਵਤ ਸੂਚਨਾ ਬਾਅਦ ਹੀ ਕਾਨੁੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇਗੀ।