ਪਰਮਜੀਤ ਸਿੰਘ
ਫ਼ਾਜ਼ਿਲਕਾ, 7 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਵੀਂ ਸਿੱਖਿਆ ਨੀਤੀ ਨੂੰ ਰੱਦ ਕਰਵਾਉਣ ਲਈ, ਸਕੂਲ- ਕਾਲਜ ਖੁੱਲ੍ਹਵਾਉਣ ਲਈ 5 ਤੋਂ 12 ਸਤੰਬਰ ਤੱਕ ਰੋਸ ਹਫ਼ਤਾ ਮਨਾਉਣ ਦੇ ਸੂਬਾ ਪੱਧਰੀ ਸੱਦੇ ਤਹਿਤ ਅੱਜ ਐੱਮਆਰ ਸਰਕਾਰੀ ਕਾਲਜ਼ ਫਾਜ਼ਿਲਕਾ ਦੇ ਗੇਟ ਅੱਗੇ ਨਵੀਂ ਸਿੱਖਿਆ ਨੀਤੀ ਦਾ ਖਰੜਾ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਗਏ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲੌਕਡਾਊਨ ਦਾ ਫਾਇਦਾ ਉਠਾ ਕੇ ਇਸ ਨੂੰ ਆਪਣੇ ਸਿਆਸੀ ਹਿੱਤਾਂ ਲਈ ਵਰਤ ਰਹੀ ਹੈ। ਵਿਦਿਆਰਥੀ ਆਗੂ ਬਿਮਲਾ ਰਾਣੀ , ਸੁਨੀਤਾ ਰਾਣੀ ਅਤੇ ਸਤਨਾਮ ਨੇ ਕਿਹਾ ਸਰਕਾਰ ਵੱਲੋਂ ਲੋਕਾਂ ’ਤੇ ਥੋਪੇ ਗਏ ਇਸ ਬੇਲੋੜੇ ਲੌਕਡਾਊਨ ਨੂੰ ਖਤਮ ਕਰਕੇ ਜਲਦ ਤੋਂ ਜਲਦ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਖੋਲ੍ਹਿਆ ਜਾਵੇ ਕਿਉਂਕਿ ਸਾਰੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਵਿੱਤੋਂ ਤੇ ਵਸੋਂ ਬਾਹਰ ਹੈ। ਇਸ ਲਈ ਆਨਲਾਈਨ ਪੜ੍ਹਾਈ ਕਰਵਾਉਣ ਦੇ ਨਾਮ ’ਤੇ ਫੀਸਾਂ ਲੈਣੀਆਂ ਬੰਦ ਕੀਤੀਆਂ ਜਾਣ ਅਤੇ ਜਨਤਕ ਇਕੱਠਾਂ ’ਤੇ ਲਗਾਈ ਪਾਬੰਦੀ ਹਟਾਈ ਜਾਵੇ। ਇਸ ਮੌਕੇ ਸਿੰਦਰ ਸੈਣੀਆਂ, ਜਸਵੀਰ ਸਿੰਘ, ਸ਼ਾਮਲ ਸਨ।