ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਦਸੰਬਰ
ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਐੱਸਪੀ ਸਿੰਘ ਓਬਰਾਏ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਮਹਿਣਾ ਦੇ ਇੱਕ ਗ਼ਰੀਬ ਪਰਿਵਾਰ ਨਾਲ ਸਬੰਧਤ ਹਰਦੀਪ ਸਿੰਘ (40) ਦੀ ਦੇਹ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਪੁੱਜੀ। ਉਸ ਦਾ ਪਿੰਡ ਮਹਿਣਾ ਵਿੱਚ ਅੱਜ ਸਸਕਾਰ ਕਰ ਦਿੱਤਾ ਗਿਆ। ਵੇਰਵਿਆਂ ਅਨੁਸਾਰ ਹਰਦੀਪ ਸਿੰਘ ਪਰਿਵਾਰ ਦਾ ਇੱਕਲੌਤਾ ਸਹਾਰਾ ਸੀ। ਮ੍ਰਿਤਕ ਦੇ ਫੁੱਫੜ ਬਲਜਿੰਦਰ ਸਿਘ ਨੇ ਦੱਸਿਆ ਕਿ ਮ੍ਰਿਤਕ ਦਾ 7 ਸਾਲਾਂ ਦਾ ਪੁੱਤਰ ਹੈ ਅਤੇ ਮਾਂ ਬਾਪ ਪਹਿਲਾਂ ਹੀ ਬਿਮਾਰੀ ਕਾਰਨ ਮੰਜੇ ’ਤੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੇ ਆਰਥਿਕ ਹਾਲਾਤ ਚੰਗੇ ਨਹੀਂ ਸਨ ਜਿਸ ਕਾਰਨ ਉਹ ਰੁਜ਼ਗਾਰ ਲਈ ਦੁਬਈ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ 18 ਨਵੰਬਰ ਨੂੰ ਦੁਬਈ ਗਿਆ ਸੀ ਜਿੱਥੇ ਜਾਂਦਿਆਂ ਹੀ ਉਹ ਬਿਮਾਰ ਹੋ ਗਿਆ ਅਤੇ 12 ਦਿਨ ਬਾਅਦ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸਰਬੱਤ ਦਾ ਭਲਾ ਆਗੂ ਮਹਿੰਦਰ ਪਾਲ ਲੂੰਬਾ ਨਾਲ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਮਦਦ ਮੰਗੀ ਸੀ।