ਭਗਤਾ ਭਾਈ: ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਪਿੰਡ ਦਿਆਲਪੁਰਾ ਮਿਰਜਾ ਵਿੱਚ ਦਰਜਨਾਂ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੂੰ ਹਮਾਇਤ ਦੇਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਪਿੰਡ ਦੇ ਜਗਸੀਰ ਸਿੰਘ ਮਾਨ, ਦਰਸ਼ਨ ਸਿੰਘ ਮਾਨ, ਮਰਹੂਮ ਕਾ. ਗੁਰਦੇਵ ਸਿੰਘ ਦਿਆਲਪੁਰਾ ਦੇ ਦੋਹਤੇ ਐਡਵੋਕੇਟ ਲੇਖਪ੍ਰੀਤ ਸਿੰਘ ਦੇ ਘਰ ਹੋਏ ਇਕੱਠਾਂ ਦੌਰਾਨ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਬਲਕਾਰ ਸਿੰਘ ਸਿੱਧੂ, ਸੀਨੀਅਰ ਆਗੂ ਇੰਦਰਜੀਤ ਸਿੰਘ ਮਾਨ, ਨਛੱਤਰ ਸਿੰਘ ਸਿੱਧੂ ਤੇ ਕਾਮਰੇਡ ਅਮਰੀਕ ਸਿੰਘ ਫੂਲ ਨੇ ਸਨਮਾਨਿਤ ਕੀਤਾ। ਇਸ ਮੌਕੇ ਨਛੱਤਰ ਸਿੰਘ ਸਿੱਧੂ, ਇੰਦਰਜੀਤ ਮਾਨ, ਕਾ. ਅਮਰੀਕ ਫੂਲ ਨੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਪੂਰੀ ਤਰ੍ਹਾਂ ਅੱਕੇ ਹੋਏ ਹਨ ਤੇ ਉਹ ‘ਆਪ’ ਦੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹਨ। -ਪੱਤਰ ਪ੍ਰੇਰਕ