ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਅਗਸਤ
ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਸੂਬੇ ਦੇ ਸਿਹਤ ਅਤੇ ਵੈਟਰਨਰੀ ਡਾਕਟਰਾਂ ਵੱਲੋਂ ਐੱਨਪੀਏ ਕਟੌਤੀ ਵਿਰੁੱਧ ਤੇ ਸੂਬਾ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਦੂਜੇ ਦਿਨ ਵੀ ਓਪੀਡੀਜ਼ ਸੇਵਾਵਾਂ ਬੰਦ ਰੱਖੀਆਂ ਗਈਆਂ। 5 ਅਗਸਤ ਤੋਂ ਜ਼ਿਲ੍ਹਾ ਤੇ ਰਾਜ ਪੱਧਰੀ ਸਿਹਤ ਅਤੇ ਪਸ਼ੂ ਪਾਲਣ ਵਿਭਾਗ ਦੇ ਮੁੱਖ ਦਫਤਰਾਂ ਦਾ ਕੰਮਕਾਜ ਵੀ ਮੁਕੰਮਲ ਠੱਪ ਕਰਨ ਦੀ ਚਿਤਾਵਨੀ ਦਿੱਤੀ ਹੈ।
ਇਥੇ ਸਿਵਲ ਸਰਜਨ ਦਫ਼ਤਰ ਦੀ ਤਾਲਾਬੰਦੀ ਕਰਕੇ ਡਾਕਟਰਾਂ ਨੇ ਰੋਸ ਪ੍ਰਗਟਾਇਆ। ਸਿਹਤ ਅਤੇ ਵੈਟਰਨਰੀ ਦੋਵਾਂ ਵਿਭਾਗਾਂ ਨੇ ਆਪਣੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਅੱਗੇ ਰੋਸ ਧਰਨੇ ਲਾ ਕੇ ਸਮੁੱਚਾ ਸਰਕਾਰੀ ਕੰਮ ਠੱਪ ਕਰ ਦਿੱਤਾ। ਪੀਸੀਐੱਮਐੱਸ. ਐਸੋਸੀਏਸ਼ਨ ਸੂਬਾਈ ਪ੍ਰਧਾਨ ਡਾ. ਗਗਨਦੀਪ ਸਿੰਘ ਅਤੇ ਜਥੇਬੰਦਕ ਸਕੱਤਰ ਡਾ. ਇੰਦਰਬੀਰ ਸਿੰਘ ਗਿੱਲ ਨੇ ਕਿਹਾ ਕਿ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਬ੍ਰਹਮ ਮਹਿੰਦਰਾ ਚੇਅਰਮੈਨ, ਕੈਬਨਿਟ ਸਬ ਕਮੇਟੀ ਵੱਲੋਂ 30 ਜੁਲਾਈ ਤੱਕ ਮਸਲੇ ਦੇ ਹੱਲ ਦਾ ਭਰੋਸਾ ਦਿਵਾਇਆ ਸੀ ਪਰ ਸਰਕਾਰੀ ਵਾਅਦੇ ਹਾਲੇ ਤੀਕ ਵਫਾ ਨਹੀਂ ਹੋਏ।
ਮਾਨਸਾ (ਜੋਗਿੰਦਰ ਸਿੰਘ ਮਾਨ): ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਮਾਨਸਾ ਵੱਲੋਂ ਐੱਨਪੀਏ ਕਟੌਤੀ ਅਤੇ ਨਿੱਜੀਕਰਨ ਦੀ ਨੀਤੀ ਦੇ ਵਿਰੁੱਧ ਓਪੀਡੀਜ਼ ਅਤੇ ਜ਼ਿਲ੍ਹਾ ਦਫ਼ਤਰਾਂ ਦਾ ਕੰਮਕਾਜ ਦੂਜੇ ਦਿਨ ਠੱਪ ਰੱਖਦਿਆਂ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ।
ਸਰਕਾਰੀ ਡਾਕਟਰਾਂ ਵੱਲੋਂ ਮੁੜ ਹੜਤਾਲ ਸ਼ੁਰੂ
ਧਨੌਲਾ (ਪੱਤਰ ਪ੍ਰੇਰਕ): ਸਿਹਤ ਵਿਭਾਗ ਦੇ ਡਾਕਟਰਾਂ ਨੇ ਪੇਅ ਕਮਿਸ਼ਨ ਖ਼ਿਲਾਫ਼ ਮੁੜ ਹੜਤਾਲ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਜ਼ਿਲ੍ਹੇ ਦੇ ਸਿਵਲ ਹਸਪਤਾਲਾਂ ਦੇ ਦਫਤਰਾਂ ਨੂੰ ਤਾਲਾ ਜੜਿਆ ਤੇ ਓਪੀਡੀ ਵੀ ਬੰਦ ਕਰ ਦਿੱਤੀ ਗਈ ਹੈ। ਸਰਕਾਰੀ ਹਸਪਤਾਲ ਧਨੌਲਾ ਦੇ ਡਾਕਟਰ ਸਤਵੰਤ ਔਜਲਾ ਨੇ ਦੱਸਿਆ ਕਿ ਸੂਬਾ ਪੱਧਰੀ ਐਸੋਸੀਏਸ਼ਨ ਦੇ ਸੱਦੇ ’ਤੇ ਅੱਜ ਮੁੜ ਦੋ ਦਿਨਾਂ ਦੀ ਹੜਤਾਲ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨਾਂ ਵਿੱਚ ਜੇ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ।