ਪੱਤਰ ਪ੍ਰੇਰਕ
ਬੋਹਾ, 3 ਨਵੰਬਰ
ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਬੋਹਾ ਖੇਤਰ ਦੇ ਇਤਿਹਾਸਕ ਪਿੰਡ ਸੈਦੇਵਾਲਾ ਦੇ ਵਾਸੀਆਂ ਦੀ ਮੰਗ ’ਤੇ ਇਸ ਪਿੰਡ ਨੂੰ ਦੋ ਨਵੇਂ ਲੰਬੇ ਬੱਸ ਰੂਟਾਂ ਨਾਲ ਜੋੜ ਕੇ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ। ਇਸ ਪਿੰਡ ਵਿਚ ਸਥਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਪਾਹਿਨ ਸਾਹਿਬ ਸੱਚੀ ਮੰਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਟਰਾਂਸਪੋਰਟ ਮੰਤਰੀ ਨੂੰ ਮਿਲ ਕੇ ਇਸ ਸਬੰਧੀ ਬੇਨਤੀ ਕੀਤੀ ਗਈ ਸੀ। ਟਰਾਂਸਪੋਰਟ ਮੰਤਰੀ ਨੇ ਕਮੇਟੀ ਦੀ ਮੰਗ ਪ੍ਰਵਾਨ ਕਰਦਿਆਂ ਇਸ ਪਿੰਡ ਨੂੰ ਪੀਆਰਟੀਸੀ ਦੇ ਨਵੇਂ ਰੂਟਾਂ ਨਾਲ ਜੋੜਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕਮੇਟੀ ਦੇ ਪ੍ਰਧਾਨ ਕਸ਼ਮੀਰ ਸਿੰਘ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਜਾਣ ਵਾਲੀ ਬੱਸ ਦੇ ਸੈਦੇਵਾਲਾ ਪਹੁੰਚਣ ’ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਦਾ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਅਚਾਨਕ ਖੁਰਦ ਦੇ ਸਰਪੰਚ ਲਖਵਿੰਦਰ ਸਿੰਘ, ਸਤੀਕੇ ਦੇ ਸਰਪੰਚ ਪਰਮਜੀਤ ਕੋਰ, ਧਰਮਪੁਰਾ ਦੇ ਸਰਪੰਚ ਦਰਸ਼ਨ ਸਿੰਘ ਸਸਪਾਲੀ ਦੇ ਸਰਪੰਚ ਹਰੀ ਸਿੰਘ ਕੁਲਾਣਾ ਦੇ ਸਰਪੰਚ ਜਗਦੀਸ਼ ਨੇ ਵੀ ਡਰਾਈਵਰ, ਕੰਡਕਟਰ ਦਾ ਸਨਮਾਨ ਕੀਤਾ।