ਸ਼ਗਨ ਕਟਾਰੀਆ
ਜੈਤੋ, 25 ਅਕਤੂਬਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਜੈਤੋ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰੀਨ ਦੀਵਾਲੀ ਮਨਾਈ ਗਈ। ਸੰਸਥਾ ਵੱਲੋਂ ਦੀਵਾਲੀ ਦੇ ਦਿਨ ਇੱਥੇ ਰਾਮਲੀਲ੍ਹਾ ਗਰਾਊਂਡ ਵਿੱਚ ਫੁੱਲਦਾਰ, ਫਲਦਾਰ, ਛਾਂਦਾਰ ਅਤੇ ਸਜਾਵਟੀ ਬੂਟਿਆਂ ਦੀ ਵੱਡੀ ਪ੍ਰਦਰਸ਼ਨੀ ਲਾ ਕੇ ਬਿਨਾਂ ਮੁਨਾਫੇ ਤੋਂ ਬਹੁਤ ਘੱਟ ਰੇਟਾਂ ’ਤੇ ਬੂਟੇ ਵੇਚੇ ਗਏ। ਸੰਸਥਾ ਦੇ ਮੁੱਖ ਸੇਵਾਦਾਰ ਰਣਜੀਤ ਸਿੰਘ ਖੱਚੜਾਂ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਲੋਕਾਂ ਨੂੰ ਹਰੀ ਦੀਵਾਲੀ ਮਨਾਉਣ ਲਈ ਇਸ਼ਤਿਹਾਰਾਂ ਰਾਹੀਂ ਪ੍ਰੇਰਿਆ ਤਾਂ ਜਾਂਦਾ ਹੈ ਪ੍ਰੰਤੂ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਜਾਂਦਾ, ਜਦ ਕਿ ਸੰਸਥਾਵਾਂ ਉਪਰਾਲੇ ਆਪਣੇ ਤੌਰ ’ਤੇ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ‘ਗਰੀਨ ਦੀਵਾਲੀ’ ਦੇ ਪ੍ਰਬੰਧ ਲਈ ਜਰਮਨਦੀਪ ਸਿੰਘ, ਇੰਦਰਜੀਤ ਸਿੰਘ, ਬਾਬਾ ਵੀਰ ਸਿੰਘ, ਜਸਵੰਤ ਸਿੰਘ, ਸੁਰਿੰਦਰਪਾਲ ਸਿੰਘ ਦਾ ਸਹਿਯੋਗ ਰਿਹਾ।
ਮਾਨਸਾ (ਪੱਤਰ ਪ੍ਰੇਰਕ): ਕੌਮੀ ਤਿਉਹਾਰ ਮੌਕੇ ਲੋਕਾਂ ਨੇ ਦੇਸੀ ਦੀਵੇ ਲਾ ਕੇ ਦੀਵਾਲੀ ਮਨਾਈ, ਜਦੋਂ ਕਿ ਚੀਨੀ ਸਾਮਾਨ ਦੀ ਇਸ ਵਾਰ ਖ਼ਰੀਦ ਪਹਿਲਾਂ ਦੇ ਮੁਕਾਬਲੇ ਘਟਾਈ। ਜਿਹੜੇ ਦੁਕਾਨਦਾਰਾਂ ਨੇ ਚੀਨੀ ਲੜੀਆਂ ਅਤੇ ਹੋਰ ਇਲੈਕਟ੍ਰਾਨਿਕ ਵਸਤੂਆਂ ਨੂੰ ਵੇਚਣ ਲਈ ਲਿਆਂਦਾ ਸੀ, ਉਨ੍ਹਾਂ ਦਾ ਬਹੁਤ ਹੀ ਘੱਟ ਵਿਕਿਆ ਹੈ। ਇਸ ਪਹਿਲਾਂ ਸਮਾਜ ਸੇਵੀ ਸੰਸਥਾਵਾਂ ਸਮੇਤ ਅਨੇਕਾਂ ਬੁਧੀਜੀਵੀਆਂ, ਵਿਦਿਅਕ ਅਦਾਰਿਆਂ ਤੇ ਹੋਰ ਦੇਸ਼ ਪ੍ਰੇਮੀਆਂ ਵੱਲੋਂ ਚੀਨੀ ਸਾਮਾਨ ਤੇ ਖਾਸ ਕਰ ਕੇ ਬਿਜਲਈ ਲੜੀਆਂ ਅਤੇ ਪਟਾਕਿਆਂ ਦਾ ਨਾ ਪ੍ਰਯੋਗ ਕੀਤੇ ਜਾਣ ਦਾ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਤੋਂ ਇਲਾਵਾ ਸ਼ੋਸਲ ਮੀਡੀਆ ਰਾਹੀਂ ਸੰਦੇਸ਼ ਦਿੱਤਾ ਸੀ। ਹੁਣ ਦੀਵਾਲੀ ਵਾਲੇ ਦਿਨ ਉਸ ਸੱਦੇ ਨੂੰ ਵੱਡੀ ਗਿਣਤੀ ’ਚ ਕਬੂਲਦਿਆਂ ਲੋਕਾਂ ਨੇ ਆਪਣੇ ਦੇਸ਼ ਪ੍ਰਤੀ ਪ੍ਰੇਮ ਅਤੇ ਭਾਵਨਾ ਦਾ ਸਬੂਤ ਦਿੱਤਾ ਹੈ। ਸਭਿਆਚਾਰ ਅਤੇ ਸਮਾਜ ਸੇਵਾ ਮੰਚ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ, ਰਾਕੇਸ਼ ਗਰਗ ਅਤੇ ਸੰਜੀਵ ਜਿੰਦਲ ਨੇ ਕਿਹਾ ਕਿ ਇਸ ਤੋਂ ਬਿਨਾਂ ਪਹਿਲਾਂ ਲੰਘੇ ਦੀਵਾਲੀ ਦੇ ਤਿਉਹਾਰਾਂ ਦੇ ਮੁਕਾਬਲੇ ਪਟਾਕੇ ਘੱਟ ਚਲਾਏ।
ਤਪਾ ਮੰਡੀ (ਪੱਤਰ ਪ੍ਰੇਰਕ): ਦੀਵਾਲੀ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਸ਼ਾਸਨ ਵੱਲੋਂ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਦੀ ਮਨਾਹੀ ਦੇ ਬਾਵਜੂਦ ਗਈ ਰਾਤ ਤੱਕ ਬੱਚੇ ਆਤਿਸ਼ਬਾਜ਼ੀ ਅਤੇ ਪਟਾਕੇ ਚਲਾਉਂਦੇ ਰਹੇ।
ਸ਼ਹਿਣਾ (ਪੱਤਰ ਪ੍ਰੇਰਕ): ਕਸਬਾ ਸ਼ਹਿਣਾ ਸਮੇਤ ਇਲਾਕੇ ਦੇ ਪਿੰਡਾਂ ’ਚ ਦੀਵਾਲੀ ਅਤੇ ਬੰਦੀਛੋੜ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੀਵਾਲੀ ਸਬੰਧੀ ਬਾਜ਼ਾਰਾਂ ’ਚ ਕਾਫੀ ਭੀੜ ਰਹੀ।