ਲਖਵੀਰ ਸਿੰਘ ਚੀਮਾ
ਟੱਲੇਵਾਲ, 12 ਮਾਰਚ
ਲੰਮਾ ਅਰਸਾ ਸੱਤਾ ਦੇ ਵਿਰੁੱਧ ਭੁਗਤਣ ਵਾਲੇ ਬਰਨਾਲਾ ਦੇ ਲੋਕ ਇਸ ਵਾਰ ਸਰਕਾਰ ਵਿੱਚ ਸੱਤਾ ਦਾ ਸੁੱਖ ਮਾਨਣਗੇ, ਕਿਉਂਕਿ ਇਸ ਵਾਰ ਸਰਕਾਰ ਅਤੇ ਵਿਧਾਇਕ ਇੱਕੋ ਪਾਰਟੀ ਦੇ ਬਣੇ ਹਨ ਜਦਕਿ ਚੋਣਾਂ ਵਿੱਚ ਲੰਬੇ ਸਮੇਂ ਤੋਂ ਜ਼ਿਲ੍ਹੇ ਦੇ ਤਿੰਨੋਂ ਹਲਕਿਆਂ ਬਰਨਾਲਾ, ਮਹਿਲ ਕਲਾਂ ਅਤੇ ਭਦੌੜ ਤੋਂ ਸਰਕਾਰ ਵਿਰੋਧੀ ਪਾਰਟੀ ਦੇ ਵਿਧਾਇਕ ਬਣਦੇ ਆਏ ਹਨ। ਐਤਕੀਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਬਰਨਾਲਾ ਤੇ ਮਹਿਲ ਕਲਾਂ ਹਲਕੇ ਤੋਂ ਕ੍ਰਮਵਾਰ ਗੁਰਮੀਤ ਸਿੰਘ ਮੀਤ ਹੇਅਰ ਤੇ ਕੁਲਵੰਤ ਸਿੰਘ ਪੰਡੋਰੀ ਜਿੱਤੇ ਹਨ ਜਦਕਿ ਭਦੌੜ ਤੋਂ ਵੀ ‘ਆਪ’ ਦੇ ਲਾਭ ਸਿੰਘ ਉੱਗੋਕੇ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਝੰਡੀ ਗੱਡੀ ਹੈ। ਬਰਨਾਲਾ ਕਰੀਬ 30 ਸਾਲ ਬਾਅਦ ਸਰਕਾਰ ਦਾ ਹਿੱਸਾ ਬਣਿਆ ਹੈ। ਸਾਲ 1992 ਵਿੱਚ ਕਾਂਗਰਸ ਦੀ ਸਰਕਾਰ ਵੇਲੇ ਸੋਮਦੱਤ ਕਾਂਗਰਸ ਤੋਂ ਜਿੱਤੇ ਸਨ ਜਦਕਿ 1997 ਵੇਲੇ ਅਕਾਲੀ ਸਰਕਾਰ ਦੌਰਾਨ ਮਲਕੀਤ ਕੀਤੂ, ਸਾਲ 2022 ਵਿੱਚ ਕਾਂਗਰਸ ਸਰਕਾਰ ਵੇਲੇ ਅਕਾਲੀ ਦਲ ਵੱਲੋਂ ਮਲਕੀਤ ਕੀਤੂ ਜਿੱਤੇ ਸਨ ਜਦਕਿ ਸਾਲ 2007 ਅਤੇ 2012 ਵਿੱਚ ਅਕਾਲੀ ਸਰਕਾਰ ਦਰਮਿਆਨ ਕਾਂਗਰਸ ਦੇ ਕੇਵਲ ਢਿੱਲੋਂ ਵਿਧਾਇਕ ਰਹੇ। ਸਾਲ 2017 ਵਿੱਚ ਕਾਂਗਰਸ ਦੀ ਸਰਕਾਰ ਦੌਰਾਨ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਵਿਧਾਇਕ ਬਣੇ। ਭਦੌੜ ਵੀ 15 ਸਾਲਾਂ ਤੋਂ ਸੱਤਾ ਤੋਂ ਦੂਰ ਰਿਹਾ। ਸਾਲ 2007 ਵੇਲੇ ਅਕਾਲੀ ਸਰਕਾਰ ਦੌਰਾਨ ਸੰਤ ਬਲਵੀਰ ਸਿੰਘ ਘੁੰਨਸ ਅਕਾਲੀ ਦਲ ਵੱਲੋਂ ਜਿੱਤ ਕੇ ਮੁੱਖ ਸੰਸਦੀ ਸਕੱਤਰ ਵੀ ਬਣੇ ਜਦਕਿ 2012 ਵਿੱਚ ਅਕਾਲੀ ਸਰਕਾਰ ਵੇਲੇ ਕਾਂਗਰਸ ਤੋਂ ਗਾਇਕ ਮੁਹੰਮਦ ਸਦੀਕ ਅਤੇ 2017 ਵਿੱਚ ਕਾਂਗਰਸ ਸਰਕਾਰ ਦਰਮਿਆਨ ਆਮ ਆਦਮੀ ਪਾਰਟੀ ਦੇ ਪਿਰਮਲ ਸਿੰਘ ਧੌਲਾ ਵਿਧਾਇਕ ਬਣੇ। ਸਾਲ 2012 ਵਿੱਚ ਮਹਿਲ ਕਲਾਂ ਹਲਕਾ ਹੋਂਦ ਵਿੱਚ ਆਇਆ ਅਤੇ ਉਸ ਵੇਲੇ ਤੋਂ ਹੀ ਸੱਤਾ ਦੇ ਉਲਟ ਰਿਹਾ। ਸਾਲ 2012 ਵਿੱਚ ਅਕਾਲੀ ਦਲ ਸਰਕਾਰ ਵਿੱਚ ਕਾਂਗਰਸ ਦੀ ਹਰਚੰਦ ਕੌਰ ਅਤੇ 2017 ਵਿੱਚ ਕਾਂਗਰਸ ਦੀ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਪੰਡੋਰੀ ਵਿਧਾਇਕ ਬਣੇ।