ਪੱਤਰ ਪ੍ਰੇਰਕ
ਜੈਤੋ, 6 ਜੂਨ
ਯੂਨੀਵਰਸਿਟੀ ਕਾਲਜ ਜੈਤੋ ਵਿੱਚ ‘ਮਾਲਵਾ ਖਿੱਤੇ ਵਿਚ ਮਿਆਰੀ ਉੱਚ ਸਿੱਖਿਆ ਦੀ ਸਥਿਤੀ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਵਿਸਥਾਰ ਭਾਸ਼ਣ ਕਰਵਾਇਆ ਗਿਆ। ਸਮਾਗਮ ਦੇ ਕਨਵੀਨਰ ਪ੍ਰੋ. ਸ਼ਿਲਪਾ ਕਾਂਸਲ ਨੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਤੋਂ ਆਏ ਭਾਸ਼ਣ ਕਰਤਾ ਡਾ. ਅਮਨਦੀਪ ਸਿੰਘ ਬਰਾੜ ਨਾਲ ਜਾਣ ਪਛਾਣ ਕਰਵਾਈ ਅਤੇ ਸਵਾਗਤੀ ਸਬਦ ਕਹੇ। ਡਾ. ਅਮਨਦੀਪ ਨੇ ਪੂਰੇ ਭਾਰਤ ਵਿਚ ਮਿਆਰੀ ਉੱਚ ਸਿੱਖਿਆ ਦੀ ਗੱਲ ਤੋਂ ਆਪਣਾ ਭਾਸ਼ਣ ਸ਼ੁਰੂ ਕਰਦਿਆਂ ਪੰਜਾਬ ਭਰ ਵਿੱਚ ਉੱਚ ਸਿੱਖਿਆ ਦੀ ਸਥਿਤੀ ਬਿਆਨ ਕੀਤੀ ਅਤੇ ਇਸ ਸਾਰੇ ਸੰਦਰਭ ਦੇ ਵਿਚ ਮਾਲਵਾ ਖਿੱਤੇ ਵਿੱਚ ਮਿਆਰੀ ਉੱਚ ਸਿੱਖਿਆ ਸੰਸਥਾਵਾਂ ਦੀ ਸਥਿਤੀ ਅਤੇ ਸੰਭਾਵਨਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਵੱਲੋਂ ਪਾਵਰ ਪੁਆਇੰਟ ਪੇਸ਼ਕਾਰੀ ਅਤੇ ਵਿਸਤ੍ਰਿਤ ਅੰਕੜਿਆਂ ਅਤੇ ਨਕਸ਼ਿਆਂ ਸਹਿਤ ਆਪਣਾ ਲੈਕਚਰ ਸਮਾਪਤ ਕੀਤਾ ਗਿਆ। ਉਨ੍ਹਾਂ ਵੱਲੋਂ ਕਾਮਨ ਯੂਨੀਵਰਸਿਟੀ ਐਂਟਰੇਂਸ ਟੈਸਟ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਵਿਸਥਾਰ ਭਾਸ਼ਣ ਉੱਤੇ ਸਮਾਪਨ ਟਿੱਪਣੀ ਕਰਦਿਆਂ ਕਾਲਜ ਦੇ ਇੰਚਾਰਜ ਪ੍ਰੋਫੈਸਰ ਡਾ. ਪਰਮਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਕੈਂਪਸ ਅਤੇ ਇਸ ਦੇ ਖੇਤਰੀ ਕੇਂਦਰਾਂ ਵਿਚ ਚਲਦੇ ਉੱਚ ਸਿੱਖਿਆ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਵੀ ਸਟੇਟ ਜਾਂ ਸੈਂਟਰਲ ਪੱਧਰ ਦੀ ਯੂਨੀਵਰਸਿਟੀ ਵਿੱਚ ਦਾਖਲੇ ਸਬੰਧੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਗਿਆ।