ਖੇਤਰੀ ਪ੍ਰਤੀਨਿਧ
ਬਰਨਾਲਾ, 4 ਅਕਤੂਬਰ
ਲੋਕ ਰੰਗ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਜਸਵੀਰ ਸਿੰਘ ਦੀਦਾਰਗੜ੍ਹ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ‘ਵੈਣ ਯੁੱਗ’ ’ਤੇ ਇੱਕ ਗੋਸ਼ਟੀ ਕਰਵਾਈ ਗਈ। ਪੁਸਤਕ ’ਤੇ ਪੇਪਰ ਜਸਬੀਰ ਕਲਸੀ ਨੇ ਪੜ੍ਹਿਆ। ਡਾ. ਹਰਭਗਵਾਨ ਨੇ ਕਿਹਾ ਕਿ ਕਹਾਣੀਕਾਰ ਖ਼ਤਮ ਹੁੰਦੀ ਜਾ ਰਹੀ ਮਨੁੱਖੀ ਸੰਵੇਦਨਾ ਪ੍ਰਤੀ ਚਿੰਤਤ ਹੈ। ਡਾ. ਨਰਵਿੰਦਰ ਸਿੰਘ ਕੌਸ਼ਲ ਅਤੇ ਡਾ. ਜੋਗਿੰਦਰ ਸਿੰਘ ਨਿਰਾਲਾ ਦਾ ਸਾਂਝਾ ਮੱਤ ਸੀ ਕਿ ਪੁਸਤਕ ਅੰਦਰਲੀਆਂ ਕਹਾਣੀਆਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਦੇ ਨਾਲ-ਨਾਲ ਇਨ੍ਹਾਂ ਦੇ ਪਿੱਛੇ ਕੰਮ ਕਰਦੇ ਪੂੰਜੀਵਾਦੀ ਤੱਤਾਂ ਪ੍ਰਤੀ ਵੀ ਸੁਚੇਤ ਕਰਦੀਆਂ ਹਨ। ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ, ਭੋਲਾ ਸਿੰਘ ਸੰਘੇੜਾ ਅਤੇ ਤਰਸੇਮ ਨੇ ਪਾਠਕਾਂ ਵੱਲੋਂ ਪੁਸਤਕ ਨੂੰ ਮਿਲੇ ਹੁੰਘਾਰੇ ’ਤੇ ਤਸੱਲੀ ਪ੍ਰਗਟ ਕੀਤੀ। ਕਹਾਣੀਕਾਰ ਦੀਦਾਰਗੜ੍ਹ ਦਾ ਸਨਮਾਨ ਵੀ ਕੀਤਾ ਗਿਆ। ਚਰਚਾ ਵਿੱਚ ਡਾ. ਹਰੀਸ਼, ਡਾ. ਅਨਿਲ ਸ਼ੋਰੀ, ਪਾਲਾ ਮੱਲ ਸਿੰਗਲਾ, ਡਾ. ਸੁਰਿੰਦਰ ਸਿੰਘ ਭੱਠਲ, ਡਾ. ਕੁਲਵੰਤ ਸਿੰਘ ਨੇ ਹਿੱਸਾ ਲਿਆ। ਕਵੀ ਦਰਬਾਰ ਵਿਚ ਮੂਲ ਚੰਦ ਸ਼ਰਮਾ, ਰਾਮ ਸਰੂਪ ਸ਼ਰਮਾ, ਰਜਿੰਦਰ ਸ਼ੌਂਕੀ ਨੇ ਹਿੱਸਾ ਲਿਆ। ਸਮਾਗਮ ਦੇ ਆਰੰਭ ਵਿੱਚ ਬੋਲੀਕਾਰ ਭਗਤ ਸਿੰਘ ਕੱਟੂ (ਭਗਤੂ) ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਵਿਚ ਬ੍ਰਿਜ ਲਾਲ, ਜੰਗ ਸਿੰਘ ਫੱਟੜ, ਕੇਸਰ ਸਿੰਘ ਗਰੇਵਾਲ ਹਾਜ਼ਰ ਸਨ।