ਦਵਿੰਦਰ ਮੋਹਨ ਸਿੰਘ ਬੇਦੀ
ਗਿੱਦੜਬਾਹਾ, 24 ਅਗਸਤ
ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਆਪਣੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਸ੍ਰੀ ਢਿੱਲੋਂ ਨੇ ਦੋਸ਼ ਲਾਇਆ ਕਿ ਜ਼ਿਲ੍ਹਾ ਫੂਡ ਕੰਟਰੋਲਰ ਦੀਵਾਨ ਚੰਦ ਸ਼ਰਮਾ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਇੱਕ ਕਾਂਗਰਸੀ ਵਿਧਾਇਕ ਦੇ ਰਿਸ਼ਤੇਦਾਰ ਨੂੰ ਸਿੱੱਧਾ ਫਾਇਦਾ ਪਹੁੰਚਾਉਣ ਲਈ ਝੋਨੇ ਲਈ ਜਾਰੀ ਸਰਕਾਰੀ ਪਾਲਿਸੀ ਨੂੰ ਦਰਕਿਨਾਰ ਕਰ ਕੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਦਾਣਾ ਮੰਡੀ ਨੂੰ ਉਸ ਦੇ 8 ਕਿਲੋਮੀਟਰ ਦੇ ਘੇਰੇ ਵਿੱਚ ਸ਼ੈਲਰ ਨਾਲ ਲਿੰਕ ਕੀਤਾ ਜਾਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਫੂਡ ਕੰਟਰੋਲਰ ਵੱਲੋਂ ਇੱਕ ਘਰ ਨੂੰ ਸਿੱਧਾ ਫ਼ਾਇਦਾ ਪਹੁੰਚਾਉਣ ਲਈ ਦੂਰ-ਦੁਰਾਡੇ ਦੀਆਂ ਮੰਡੀਆਂ ਨੂੰ ਸ਼ੈਲਰਾਂ ਨਾਲ ਲਿੰਕ ਕੀਤਾ ਗਿਆ ਅਤੇ ਇਹ ਸਾਰੇ ਸ਼ੈਲਰ ਸੱਤਾ ਪੱਖ ਦੇ ਵਿਅਕਤੀਆਂ ਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੀਆਂ ਮੰਡੀਆਂ ਨੂੰ ਸ਼ੈਲਰਾਂ ਨਾਲ ਲਿੰਕ ਕੀਤਾ ਗਿਆ, ਉਨ੍ਹਾਂ ਦੀ ਸ਼ੈਲਰਾਂ ਤੋਂ ਦੂਰੀ 13 ਤੋਂ 35 ਕਿਲੋਮੀਟਰ ਤੱਕ ਸੀ। ਡਿੰਪੀ ਢਿੱਲੋਂ ਨੇ ਖੁਲਾਸਾ ਕੀਤਾ ਕਿ ਜੇਕਰ ਕਿਸੇ ਸ਼ੈਲਰ ਮਾਲਕ ਵੱਲੋਂ 8 ਕਿਲੋਮੀਟਰ ਤੋਂ ਦੂਰ ਮੰਡੀ ਤੋਂ ਝੋਨਾ ਚੁੱਕਿਆ ਜਾਂਦਾ ਹੈ ਤਾਂ ਉਸ ਦਾ ਖਰਚਾ ਸ਼ੈਲਰ ਮਾਲਕ ਨੂੰ ਅਦਾ ਕਰਨਾ ਪੈਂਦਾ ਹੈ ਪਰ ਇਸ ਮਾਮਲੇ ਵਿੱਚ ਸਾਰਾ ਖਰਚਾ ਸਰਕਾਰ ਨੂੰ ਅਦਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਸ਼ੈਲਰਾਂ ਤੋਂ ਉਕਤ ਸ਼ੈਲਰ ਮਾਲਕਾਂ ਨੇ ਕਿਸਾਨਾਂ ਦੀ ਫਸਲ ਘੱਟ ਰੇਟਾਂ ’ਤੇ ਖਰੀਦ ਕੀਤੀ, ਕਿਉਂਕਿ ਝੋਨੇ ਵਿੱਚ ਨਮੀ ਦੀ ਵੱਧ ਮਾਤਰਾ ਵਿਖਾਈ ਗਈ, ਜਿਸ ਨਾਲ ਕਿਸਾਨਾਂ ਦਾ ਵੀ ਆਰਥਿਕ ਨੁਕਸਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਮਿੱਟੀ ਦੇ ਤੇਲ ਅਤੇ ਲਿੰਕੇਜ ਮਾਮਲੇ ਵਿੱਚ ਘਪਲੇ ਦੀ ਜਾਂਚ ਲਈ ਹਾਈ ਕੋਰਟ ਦਾ ਦਰਵਾਜਾ ਖੜਕਾਉਣਗੇ।
ਜ਼ਿਲ੍ਹਾ ਫੂਡ ਕੰਟਰੋਲਰ ਦੀਵਾਨ ਚੰਦ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕਾਨੂੰਨ ਅਨੁਸਾਰ ਹੀ ਲਿੰਕੇਜ ਕੀਤੀ ਹੈ ਅਤੇ ਝੋਨੇ ਵਿੱਚ ਮੰਡੀਆਂ ਦੀ ਕਮੀ ਹੋਣ ਕਾਰਨ ਦੂਰ ਦੀਆਂ ਮੰਡੀਆਂ ਵਿੱਚੋਂ ਝੋਨਾ ਚੁਕਵਾਇਆ ਗਿਆ ਸੀ। ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਨੂੰ ਉਨ੍ਹਾਂ ਬੇਬੁਨਿਆਦ ਕਰਾਰ ਦਿੱਤਾ।