ਅਵਤਾਰ ਸਿੰਘ
ਭਾਈਰੂਪਾ, 14 ਅਕਤੂਬਰ
ਗੁੰਮਟੀ ਕਲਾਂ ਦੇ ਬੰਦ ਕੀਤੇ ਸੇਵਾ ਕੇਂਦਰ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਪਿੰਡ ਵਾਸੀ ਪਿਛਲੇ ਹਫਤੇ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ। ਅੱਜ ਉਨ੍ਹਾਂ ਹਲਕੇ ਦੇ ਵਿਧਾਇਕ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਪਿੰਡ ਕਾਂਗੜ ਵਿਚ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪ੍ਰਧਾਨ ਹਰਨੇਕ ਸਿੰਘ, ਕਲੱਬ ਪ੍ਰਧਾਨ ਗੁਰਜੀਤ ਸਿੰਘ, ਰਾਜਾ ਸਿੰਘ ਗੁੰਮਟੀ, ਕਾਲਾ ਸਿੰਘ ਨੇ ਕਿਹਾ ਕਿ ਉਕਤ ਸੇਵਾ ਕੇਂਦਰ ਆਸ-ਪਾਸ ਦੇ ਦਰਜਨਾਂ ਪਿੰਡਾਂ ਨੂੰ ਵੱਖ-ਵੱਖ ਸੇਵਾਵਾਂ ਪ੍ਰਦਾਨ ਕਰਦਾ ਸੀ ਪਰ ਸਰਕਾਰ ਵੱਲੋਂ ਇਹ ਸੇਵਾ ਕੇਂਦਰ ਭਾਈਰੂਪਾ ਵਿਖੇ ਤਬਦੀਲ ਕਰ ਦਿੱਤਾ ਗਿਆ। ਇਸ ਸਬੰਧੀ ਹਫਤਾ ਪਹਿਲਾਂ ਗੁੰਮਟੀ ਕਲਾਂ ਵਿੱਚ ਧਰਨਾ ਲੱਗਿਆ ਸੀ ਜਿਸ ਵਿੱਚ ਪਿੰਡ ਦੀਆਂ ਸਾਰੀਆਂ ਪਾਰਟੀਆਂ ਦੇ ਆਗੂ ਤੇ ਵਰਕਰ ਸ਼ਾਮਲ ਹੋਏ ਸਨ। ਪਿੰਡ ਦੇ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਇਹ ਮਾਮਲਾ ਹਲਕਾ ਵਿਧਾਇਕ ਕਾਂਗੜ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਜਿਨ੍ਹਾਂ ਵੱਲੋਂ ਇੱਕ ਹਫਤੇ ਵਿੱਚ ਇਹ ਸੇਵਾ ਕੇਂਦਰ ਚਾਲੂ ਕਰਵਾਉਣ ਦਾ ਵਾਅਦਾ ਕੀਤਾ ਗਿਆ ਪਰ ਹਫਤੇ ਬੀਤ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ। ਪਿੰਡ ਵਾਸੀਆਂ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਕਿਹਾ ਕਿ ਜੇਕਰ ਸਾਡੇ ਪਿੰਡ ਦਾ ਸੇਵਾ ਕੇਂਦਰ ਚਾਲੂ ਨਾ ਕੀਤਾ ਗਿਆ ਤਾਂ ਹਲਕਾ ਵਿਧਾਇਕ ਕਾਂਗੜ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਿੰਡ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਸਾਬਕਾ ਮੰਤਰੀ ਵੱਲੋਂ ਧਰਨਾਕਾਰੀਆਂ ਨੂੰ ਇੱਕ ਹਫਤੇ ਤੱਕ ਮਸਲਾ ਹੱਲ ਕਰਨ ਦਾ ਭਰੋਸਾ ਦੇਣ ਮਗਰੋਂ ਸੰਘਰਸ਼ ਖ਼ਤਮ ਕਰ ਦਿੱਤਾ ਗਿਆ।