ਖੇਤਰੀ ਪ੍ਰਤੀਨਿਧ
ਬਰਨਾਲਾ, 31 ਅਕਤੂਬਰ
ਸਥਾਨਕ ਹੰਢਿਆਇਆ ਚੌਕ ਤੋਂ ਪਿੰਡ ਧੌਲਾ ਤੱਕ ਵਾਇਆ ਗੁਰਦੁਆਰਾ ਅੜੀਸਰ ਜਾਂਦੀ ਖਸਤਾ ਹਾਲ ਲਿੰਕ ਸੜਕ ਦੇ ਮੁੜ ਨਿਰਮਾਣ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਇੱਥੇ ਐਕਸੀਅਨ ਪੀ.ਡਬਲਿਊ.ਡੀ ਦਫ਼ਤਰ ਅੱਗੇ ਧਰਨਾ ਦੇ ਕੇ ਸੂਬਾ ਸਰਕਾਰ ਤੇ ਵਿਭਾਗੀ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਰਨਾਲਾ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਕ੍ਰਿਸ਼ਨ ਸਿੰਘ ਛੰਨਾ, ਬਲਜਿੰਦਰ ਸਿੰਘ ਧੌਲਾ ਇਕਾਈ ਪ੍ਰਧਾਨ ਰੂਪ ਸਿੰਘ, ਮੰਗਲ ਬਾਵਾ, ਵਕੀਲ ਸਿੰਘ ਪੰਚ, ਗੁਰਚਰਨ ਸਿੰਘ ਤੇ ਪ੍ਰੀਤਮ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਹੰਢਿਆਇਆ ਚੌਕ ਤੋਂ ਵਾਇਆ ਗੁਰਦੁਆਰਾ ਅੜੀਸਰ ਸਾਹਿਬ ਪਾਤਸ਼ਾਹੀ ਨੌਵੀਂ ਤੋਂ ਪਿੰਡ ਧੌਲਾ ਤੱਕ ਥਾਂ-ਥਾਂ ਤੋਂ ਬਦਹਾਲ ਤੇ ਟੁੱਟੀ ਸੜਕ ਬਣਵਾਉਣ ਲਈ ਪੀ.ਡਬਲਿਊ.ਡੀ ਦਫ਼ਤਰ ਵਿਖੇ ਲੰਘੀ 6 ਮਈ ਨੂੰ ਮੰਗ ਪੱਤਰ ਦੇਣ ਤੇ ਬਾਅਦ ਵਿੱਚ 21 ਅਕਤੂਬਰ ਨੂੰ ਉੱਚ ਅਧਿਕਾਰੀਆਂ ਨਾਲ ਜਥੇਬੰਦਕ ਆਗੂਆਂ ਦੀ ਮੁੜ ਮਿਲਣੀ ਸਮੇਂ ਦਿੱਤੇ ਗਏ ਭਰੋਸੇ ਦੇ ਬਾਵਜੂਦ ਇਸ ਸੜਕ ਨੂੰ ਬਣਵਾਉਣ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ, ਜਿਸ ਦੇ ਰੋਸ ਵਜੋਂ ਅੱਜ ਧਰਨਾ ਦਿੱਤਾ ਗਿਆ ਹੈ। ਆਗੂਆਂ ਕਿਹਾ ਕਿ ਇਹ ਲਿੰਕ ਸੜਕ ਬਰਨਾਲਾ-ਮਾਨਸਾ ਮੁੱਖ ਮਾਰਗ ਨੂੰ ਮਿਲਾਉਂਦੀ ਹੈ ਤੇ ਇਤਿਹਾਸਕ ਗੁਰਦੁਆਰਾ ਅੜੀਸਰ (ਪਾਤਸ਼ਾਹੀ ਨੌਂਵੀ) ਵਿਖੇ ਬਾਹਰੋਂ ਆਉਣ ਵਾਲੀਆਂ ਸੰਗਤਾਂ/ ਰਾਹਗੀਰਾਂ ਨੂੰ ਵੀ ਟੁੱਟੀ ਸੜਕ ਹੋਣ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਗੂਆਂ ਨੇ ਸੱਤਾਧਾਰੀ ‘ਆਪ’ ਆਗੂਆਂ ਨੂੰ ਵੀ ਆਮ ਲੋਕਾਂ ਨੂੰ ਚੰਗੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਵਾਅਦੇ ਚੇਤੇ ਕਰਵਾਏ। ਟੁੱਟੀ ਸੜਕ ਦਾ ਫੌਰੀ ਕੰਮ ਸ਼ੁਰੂ ਕਰਵਾਉਣ ਦੀ ਮੰਗ ਕਰਦਿਆਂ ਚੇਤਾਵਨੀ ਵੀ ਦਿੱਤੀ ਜੇਕਰ ਕੰਮ ਜਲਦ ਸ਼ੁਰੂ ਨਾ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਨੂੰ ਹੋਰ ਤਿੱਖਾ ਤੇ ਵਿਸ਼ਾਲ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਚੰਦ ਸਿੰਘ, ਨਸੀਬ ਸਿੰਘ, ਮਹਿੰਦਰ ਸਿੰਘ, ਮੁਖਤਿਆਰ ਸਿੰਘ, ਸਵਰਨਜੀਤ ਸਿੰਘ, ਦਰਸ਼ਨ ਸਿੰਘ, ਸੁਦਾਗਰ ਸਿੰਘ, ਨਾਹਰ ਸਿੰਘ, ਰੂਪ ਸਿੰਘ, ਨਿਰਭੈ ਸਿੰਘ, ਜਗਤਾਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।