ਪੱਤਰ ਪ੍ਰੇਰਕ
ਬਰੇਟਾ, 14 ਅਕਤੂਬਰ
ਇੱਥੋਂ ਦੀ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਅੱਗੇ ਫੜਾਂ ਦੀ ਘਾਟ ਕਾਰਨ ਰੋਸ ਧਰਨਾ ਲਾਇਆ ਗਿਆ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਤਿੰਦਰ ਮੋਹਨ ਗਰਗ, ਰਾਜੇਸ਼ ਸਿੰਗਲਾ, ਕਪਿਲ ਕੁਮਾਰ, ਸੰਜੀਵ ਕੁਮਾਰ ਤੇ ਲਛਮਣ ਦਾਸ ਸਿੰਗਲਾ ਨੇ ਕਿਹਾ ਕਿ ਸਥਾਨਕ ਮੰਡੀ, ਕੁਲਰੀਆਂ, ਕਿਸ਼ਨਗੜ੍ਹ ਅਤੇ ਕਾਹਨਗੜ੍ਹ ਖਰੀਦ ਕੇਂਦਰਾਂ ਵਿੱਚ ਫੜਾਂ ਦੀ ਘਾਟ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਅੰਦਰ ਬਾਗ ਵਾਲੀ ਖਾਲੀ ਪਈ ਜਗ੍ਹਾ ਨੂੰ ਮਾਨਤਾ ਦੇਕੇ ਉੱਥੇ ਝੋਨੇ ਦੀ ਬੋਲੀ ਲਗਵਾਈ ਜਾਵੇ ਅਤੇ ਪੇਂਡੂ ਖਰੀਦ ਕੇਂਦਰਾਂ ਵਿੱਚ ਫੜਾਂ ਦਾ ਪ੍ਰਬੰਧ ਕੀਤਾ ਜਾਵੇ।
ਕਿਸਾਨ ਆਗੂਆਂ ਤੇ ਆੜ੍ਹਤੀਆਂ ਦਰਮਿਆਨ ਮੀਟਿੰਗ
ਜ਼ੀਰਾ (ਪੱਤਰ ਪ੍ਰੇਰਕ): ਇੱਥੇ ਸਰਕਾਰੀ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਨਾ ਕਰਨ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਅਤੇ ਆੜ੍ਹਤੀਆਂ ਦਰਮਿਆਨ ਇੱਕ ਮੀਟਿੰਗ ਹੋਈ। ਜਿਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਢਿੱਲੋਂ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਨੇ ਦੱਸਿਆ ਕਿ ਬੀਤੇ ਕੁਝ ਦਿਨਾਂ ਤੋਂ ਸਰਕਾਰੀ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਹੜਤਾਲ ਕੀਤੀ ਗਈ ਹੈ, ਜਿਸ ਦੇ ਚਲਦਿਆਂ ਅਨਾਜ ਮੰਡੀ ਜ਼ੀਰਾ ਵਿੱਚ ਫ਼ਸਲ ਦੀ ਖਰੀਦ ਨਹੀਂ ਹੋ ਰਹੀ ਅਤੇ ਨਾ ਹੀ ਲਿਫਟਿੰਗ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ, ਜੇਕਰ ਸੋਮਵਾਰ ਨੂੰ ਫਸਲ ਦੀ ਖਰੀਦ ਸ਼ੁਰੂ ਨਾ ਹੋਈ ਤਾਂ ਕਿਸਾਨ ਯੂਨੀਅਨ ਵੱਲੋਂ ਸੜਕਾਂ ਜਾਮ ਕੀਤੀਆਂ ਜਾਣਗੀਆਂ।