ਜੋਗਿੰਦਰ ਸਿੰਘ ਮਾਨ
ਮਾਨਸਾ, 2 ਜਨਵਰੀ
ਕੁੱਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਪੰਜਾਬ ਦਾ ਕਾਫਲਾ ਦਿੱਲੀ ਸੰਘਰਸ ਵਿੱਚ ਸ਼ਮੂਲੀਅਤ ਕਰਨ ਲਈ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਮਾਨਸਾ ਤੋਂ ਰਵਾਨਾ ਹੋਇਆ। ਕੇਂਦਰੀ ਆਗੂ ਬਲਵਿੰਦਰ ਕੌਰ ਖਾਰਾ,ਨਰਿੰਦਰ ਕੌਰ ਬੁਰਜ ਹਮੀਰਾ ਨੇ ਖੇਤੀ ਕਾਨੂੰਨਾਂ ਦੀ ਆਲੋਚਨਾ ਕੀਤੀ। ਇਸ ਮੌਕੇ ਵੀਨਾ ਅਗਰਵਾਲ,ਅਰਵਿੰਦ, ਕਾਂਤਾ, ਆਰਤੀ, ਗੁਰਜੀਤ ਕੌਰ, ਮਾਇਆ,ਪਾਲ ਕੌਰ,ਪਾਇਲ ਮੌਜਦੂ ਸਨ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਪਿੰਡ ਖੋਖਰ ਤੋਂ 21ਵਾਂ ਜਥਾ ਦਿੱਲੀ ਵੱਲ ਰਵਾਨਾ ਕੀਤਾ ਗਿਆ। ਇਹ ਰਵਾਨਗੀ ਸਿੱਧੂਪੁਰ ਇਕਾਈ ਕਿਸਾਨ ਯੂਨੀਅਨ ਪਿੰਡ ਖੋਖਰ ਦੇ ਪ੍ਰਧਾਨ ਸੁਖਪਾਲ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਹੋਈ। ਇਸ ਜਥੇ ਵਿੱਚ ਔਰਤਾਂ ਵੀ ਸ਼ਾਮਲ ਹਨ। ਇਸ ਮੌਕੇ ਨੌਜਵਾਨ ਸਪੋਰਟਸ ਕਲੱਬ ਦੇ ਪ੍ਰਧਾਨ ਬਲਕਰਨ ਸਿੰਘ, ਮੈਂਬਰ ਰਣਜੀਤ ਸਿੰਘ ਅਤੇ ਜਗਮੀਤ ਸਿੰਘ ਹੋਰੀਂ ਵੀ ਮੋਜੂਦ ਸਨ।
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਘੋਲ ਵਿੱਚ ਸ਼ਾਮਲ ਹੋਣ ਲਈ ਪਿੰਡ ਰਾਮਗੜ ਤੋਂ ਛੇਵਾਂ ਜੱਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਰਵਾਨਾ ਹੋਇਆ। ਇਸ ਛੇਵੇਂ ਜੱਥੇ ਵਿੱਚ ਨੌਜਵਾਨਾਂ ਨੇ ਦਿੱਲੀ ਨੂੰ ਨਾਅਰਿਆਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਦਿੱਲੀ ਨੂੰ ਚਾਲੇ ਪਾਏ। ਇਸ ਮੌਕੇ ਜੱਥੇਬੰਦੀ ਆਗੂ ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ।
ਫਰਾਂਸ ਵਾਸੀ ਵੱਲੋਂ ਰੋਜ਼ਾਨਾ ਭੇਜਿਆ ਜਾ ਹੈ ਰਿਹਾ ਦੁੱਧ
ਭਦੌੜ (ਰਾਜਿੰਦਰ ਵਰਮਾ): ਦਿੱਲੀ ਮੋਰਚੇ ਲਈ ਨੇੜਲੇ ਪਿੰਡ ਅਲਕੜ੍ਹਾ ਦੇ ਫ਼ਰਾਂਸ ਵਸਦੇ ਅਰਸ਼ਦੀਪ ਸਿੰਘ ਪੁੱਤਰ ਜਗਰੂਪ ਸਿੰਘ ਨੇ ਦਿੱਲੀ ਲੰਗਰ ਲਈ ਰੋਜ਼ਾਨਾ 4 ਡਰੰਮ ਦੁੱਧ ਦੇ ਲਗਪਗ ਪੌਣੇ ਦੋ ਕੁਇੰਟਲ ਭੇਜਣ ਦੀ ਸੇਵਾ ਲਈ ਹੈ। ਅੱਜ ਦੁੱਧ ਦਿੱਲੀ ਲਿਜਾਣ ਮੌਕੇ ਸੇਵਕ ਸਿੰਘ, ਬਲਵਿੰਦਰ ਸਿੰਘ ਅਲਕੜ੍ਹਾ, ਬੂਟਾ ਸਿੰਘ ਚਾਂਦੀ, ਬਲਕਰਨ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੁੱਧ ਟਿਕਰੀ ਬਾਰਡਰ ’ਤੇ ਪਹੁੰਚਾਇਆ ਜਾਵੇਗਾ। ਪਿੰਡ ਦੀਪਗੜ ਦੇ ਸਰਪੰਚ ਤਕਵਿੰਦਰ ਸਿੰਘ ਅਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 4 ਕੁਇੰਟਲ ਖੋਏ ਦੀਆਂ ਪਿੰਨੀਆਂ ਤੇ 2 ਕੁਇੰਟਲ ਪੰਜੀਰੀ ਭੇਜੀ ਗਈ ਹੈ।