ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਵਿਖੇ ਇੱਕ ਅਦਾਲਤ ਵਿੱਚ ਪੇਸ਼ ਹੋਣ ਦੇ ਬਾਵਜੂਦ ਅੱਜ ਵਕੀਲਾਂ ਨੇ ਧਰਨਾ ਲਾਇਆ। ਇਹ ਧਰਨਾ ਮਾਨਸਾ ਬਾਰ ਐਸੋਸੀਏਸ਼ਨ ਵੱਲੋਂ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵੱਲੋਂ ਰਾਜ ਵਿੱਚ ਵੱਖ-ਵੱਖ ਥਾਈਂ, ਜੋ ਵਕੀਲ ਗੈਗਸਟਰਾਂ ਵੱਲੋਂ ਕੇਸ ਲੜ ਰਹੇ ਵਕੀਲਾਂ ਦੇ ਘਰ ਐਨ.ਆਈ.ਏ. ਵੱਲੋਂ ਰੇਡ ਕਰਨ ਦੇ ਖਿਲਾਫ ਅਦਾਲਤੀ ਕੰਮ ਕਾਜ ਨੂੰ ਪੂਰਨ ਤੌਰ ’ਤੇ ਬੰਦ ਰੱਖ ਕੇ ਲਾਇਆ ਗਿਆ। ਬਾਰ ਐਸੋਸੀਏਸ਼ਨ ਵੱਲੋਂ ਐਨ.ਆਈ.ਏ. ਦੇ ਇਸ ਐਕਸ਼ਨ ਖਿਲਾਫ ਜ਼ਿਲ੍ਹਾ ਕਚਹਿਰੀ ਦੇ ਮੁੱਖ ਗੇਟ ਉੱਪਰ ਧਰਨਾ ਲਗਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਮੁੱਖ ਮੰਤਰੀ ਮਾਨਸਾ ਦੀ ਸੀਜੀਐਮ ਅਤੁਲ ਕਬੋਜ ਦੀ ਅਦਾਲਤ ਵਿੱਚ ਪੇਸ਼ ਹੋਏ, ਪਰ ਅਦਾਲਤੀ ਕੰਮ-ਕਾਜ ਬੰਦ ਹੋਣ ਦੇ ਬਾਵਜੂਦ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਸਰਬਜੀਤ ਵਾਲੀਆ ਪ੍ਰੋਕਸੀ ਕੌਂਸਲ ਦੇ ਤੌਰ ’ਤੇ ਪੇਸ਼ ਹੋਏ, ਜਦੋਂ ਕਿ ਭਗਵੰਤ ਮਾਨ ਵੱਲੋਂ ਉਸ ਦੇ ਰੈਗੂਲਰ ਵਕੀਲ ਦੇ ਤੌਰ ’ਤੇ ਐਡਵੋਕੇਟ ਨਵਦੀਪ ਸ਼ਰਮਾ ਅਤੇ ਹਰਪ੍ਰੀਤ ਸਿੰਘ ਦਾ ਵਕਾਲਤਨਾਮਾ ਪੇਸ਼ ਕੀਤਾ ਗਿਆ। ਬਾਰ ਐਸੋਸੀਏਸ਼ਨ ਦੇ ਧਰਨੇ ਨੂੰ ਐਡੋਵਕੇਟ ਬਦਰੀ ਨਾਇਣ ਗੋਇਲ, ਵਿਜੈ ਕੁਮਾਰ ਸਿੰਗਲਾ, ਅਜੀਤ ਸਿੰਘ ਭੰਗੂ, ਬਿਮਲਜੀਤ ਸਿੰਘ, ਗੁਰਲਾਬ ਸਿੰਘ ਮਾਹਲ, ਰਣਜੀਤ ਸਿੰਘ, ਕੇ.ਐਸ. ਮਾਠਰੂ, ਅੰਗਰੇਜ਼ ਸਿੰਘ ਕੇਲਰ, ਉਮਕਾਰ ਸਿੰਘ ਮਿੱਤਲ, ਸਤਿੰਦਰ ਮਿੱਤਲ, ਐਡੋਵਕੇਟ ਬਲਬੀਰ ਕੌਰ, ਲਲਿਤ ਅਰੌੜਾ ਨੇ ਵੀ ਸੰਬੋਧਨ ਕੀਤਾ।