ਜਸਵੰਤ ਜੱਸ
ਫ਼ਰੀਦਕੋਟ, 4 ਅਪਰੈਲ
ਫ਼ਰੀਦਕੋਟ ਸ਼ਹਿਰ ਵਿੱਚੋਂ ਨਿਕਲਦਾ ਗੰਦਾ ਨਾਲਾ ਕਵਰ ਕਰਨ ਲਈ ਪੰਜ ਕਰੋੜ ਰੁਪਏ ਖਰਚ ਕੇ ਪਾਈਪਾਂ ਪਾਉਣ ਦੇ ਬਾਵਜੂਦ ਸ਼ਹਿਰ ਦੇ ਲੋਕਾਂ ਨੂੰ ਗੰਦੇ ਪਾਣੀ ਤੋਂ ਕੋਈ ਨਿਜਾਤ ਨਹੀਂ ਮਿਲੀ। ਚਾਰ ਕਿਲੋਮੀਟਰ ਲੰਬੇ ਖੁੱਲ੍ਹੇ ਗੰਦੇ ਨਾਲੇ ਵਾਲੀ ਥਾਂ ’ਤੇ ਪ੍ਰਸ਼ਾਸਨ ਨੇ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਸੀ ਜੋ ਲਗਪਗ ਮੁਕੰਮਲ ਹੋ ਗਿਆ ਹੈ। ਪ੍ਰਾਜੈਕਟ ਮੁਕੰਮਲ ਹੋਣ ਦੇ ਬਾਵਜੂਦ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਨਾਲੋਂ ਗੁਜ਼ਰਦੇ ਗੰਦੇ ਨਾਲੇ ਦਾ ਪਾਣੀ ਮੈਡੀਕਲ ਕਾਲਜ ਦੇ ਅਹਾਤੇ ਵਿੱਚ ਵੜ੍ਹ ਗਿਆ ਹੈ ਤੇ ਇਹ ਕਾਲਜ ਦੀਆਂ ਕੰਧਾਂ ਦਾ ਨੁਕਸਾਨ ਕਰ ਰਿਹਾ ਹੈ। ਹਰਬਿੰਦਰ ਸਿੰਘ ਹੈਪੀ ਬਰਾੜ, ਰਵਿੰਦਰ ਬੁਗਰਾ ਅਤੇ ਮਾਸਟਰ ਅਮਰਜੀਤ ਸਿੰਘ ਨੇ ਕਿਹਾ ਕਿ ਗੰਦੇ ਨਾਲੇ ਵਾਲੀ ਥਾਂ ’ਤੇ ਪਾਈਪਾਂ ਪਾਉਣ ਸਮੇਂ ਪ੍ਰਸ਼ਾਸਨ ਨੇ ਤਕਨੀਕੀ ਮਾਹਿਰਾਂ ਦੀ ਮੱਦਦ ਨਹੀਂ ਲਈ, ਜਿਸ ਕਰਕੇ ਥਾਂ-ਥਾਂ ਤੋਂ ਪਾਈਪਾਂ ਵਿੱਚੋਂ ਪਾਣੀ ਲੀਕ ਹੋ ਰਿਹਾ ਹੈ ਤੇ ਪੰਜ ਕਰੋੜ ਰੁਪਏ ਖਰਚਣ ਦੇ ਬਾਵਜੂਦ ਗੰਦੇ ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਨੇ ਕਿਹਾ ਕਿ ਪਾਈਪਾਂ ਪਾਉਣ ਦਾ ਪ੍ਰਾਜੈਕਟ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪ੍ਰਾਜੈਕਟ ਮੁਕੰਮਲ ਹੋਣ ਤੋਂ ਬਾਅਦ ਗੰਦੇ ਪਾਣੀ ਦੀ ਲੀਕੇਜ ਵਾਲੀ ਸਮੱਸਿਆ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪਾਈਪ ਲਾਈਨ ਮਾਹਿਰ ਇੰਜਨੀਅਰਾਂ ਦੀ ਮੱਦਦ ਨਾਲ ਪਾਈ ਜਾ ਰਹੀ ਹੈ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸਾਰੇ ਪ੍ਰਾਜੈਕਟ ਅਧੂਰੇ ਹਨ ਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਲੋਕਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਨਹੀਂ ਹੋ ਸਕਿਆ।