ਪੱਤਰ ਪ੍ਰੇਰਕ
ਮਾਨਸਾ, 7 ਦਸੰਬਰ
ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਸਰਦੀ ਦੇ ਮੌਸਮ ਦੇ ਮੱਦੇਨਜ਼ਰ ਅੱਜ ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ ਗਏ। ਇਸੇ ਤਹਿਤ ਜ਼ਿਲਾ ਮਾਨਸਾ ਦੀ ਸਾਧ ਸੰਗਤ ਵੱਲੋਂ ਸ਼ਾਹ ਸਤਿਨਾਮ ਅਮਨਪੁਰਾ ਧਾਮ ਮਾਨਸਾ ਵਿੱਚ 150 ਤੋਂ ਵੱਧ ਪਰਿਵਾਰਾਂ ਨੂੰ ਕੰਬਲ ਵੰਡੇ ਗਏ। ਕੱਪੜੇ ਵੰਡਣ ਦੀ ਸ਼ੁਰੂਆਤ ਜ਼ਿਲਾ ਪਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਕੀਤੀ। ਸਾਧ ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਪਰਮਜੀਤ ਸਿੰਘ ਨੰਗਲ, ਮੇਜਰ ਸਿੰਘ ਖਿਆਲਾ ਅਤੇ ਅਵਤਾਰ ਸਿੰਘ ਠੂਠਿਆਂਵਾਲੀ ਨੇ ਇਸ ਮੌਕੇ ਸੰਬੋਧਨ ਕੀਤਾ।
ਬਰਨਾਲਾ (ਖੇਤਰੀ ਪ੍ਰਤੀਨਿਧ):ਡੇਰਾ ਸੱਚਾ ਸੌਦਾ ਸਿਰਸਾ ਦੀ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਆਪਣੇ ਰਹਬਿਰ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਅਤੇ ਡੇਰੇ ਦੇ ਪੂਰਵ ਸੰਚਾਲਕ ਸ਼ਾਹ ਸਤਿਨਾਮ ਮਹਾਰਾਜ ਦੀ ਯਾਦ ’ਚ ਇੱਥੇ ਇੱਕ ਬੈਕੁਇਟ ਹਾਲ ਵਿੱਚ ਸਮਾਗਮ ਕਰਕੇ 100 ਲੋੜਮੰਦਾਂ ਨੂੰ ਗਰਮ ਕੰਬਲ, ਕੋਟੀਆਂ, ਟੋਪੀਆਂ ਤੇ ਜੁਰਾਬਾਂ ਵੰਡੀਆਂ। ਸਮਾਗਮ ਦੌਰਾਨ ਸਟੇਟ ਕਮੇਟੀ ਮੈਂਬਰ ਕੁਲਦੀਪ ਕੌਰ ਇੰਸਾਂ ਨੇ ਦੱਸਿਆ ਕਿ ਸੰਨ 1948 ’ਚ ਪਹਿਲੇ ਸੰਤ ਬੇਹਪ੍ਰਵਾਹ ਸਾਂਈ ਸ਼ਾਹ ਮਸਤਾਨਾ ਨੇ ਡੇਰਾ ਸੱਚਾ ਸੌਦਾ ਸਿਰਸਾ ਦੀ ਨੀਂਹ ਰੱਖੀ ਤੇ ਪ੍ਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਹੀ ਇਨਸਾਨੀਅਤ ਦੀ ਭਲਾਈ ਕਰਨ ਦਾ ਵੀ ਸੰਦੇਸ਼ ਦਿੱਤਾ। ਇਸ ਮੌਕੇ ਸਟੇਟ ਕਮੇਟੀ ਮੈਂਬਰ ਰਾਮ ਲਾਲ ਸ਼ੇਰੀ ਇੰਸਾਂ ਨੇ ਸੰਬੋਧਨ ਕੀਤਾ।