ਪੱਤਰ ਪ੍ਰੇਰਕ
ਜ਼ੀਰਾ, 14 ਮਈ
ਡਿੱਪੂ ਹੋਲਡਰ ਯੂਨੀਅਨ ਜ਼ੀਰਾ ਵੱਲੋਂ ਆਪਣੀਆਂ ਮੰਗਾਂ ਸਬੰਧੀ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿੱਚ ਪ੍ਰਧਾਨ ਰਣਜੀਤ ਸਿੰਘ ਅਲੀਪੁਰ ਦੀ ਅਗਵਾਈ ਹੇਠ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਮੇਂ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਲਈ ਭੇਜੇ ਜਾਂਦੇ ਰਾਸ਼ਨ ਨੂੰ ਆਟੇ ਦੇ ਰੂਪ ਵਿੱਚ ਘਰ-ਘਰ ਪਹੁੰਚਾਉਣ ਦੇ ਫ਼ੈਸਲੇ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ’ਤੇ 670 ਕਰੋੜ ਰੁਪਏ ਦਾ ਸਾਲਾਨਾ ਵਾਧੂ ਬੋਝ ਪਵੇਗਾ, ਇਹ ਫ਼ੈਸਲਾ ਤੁਰੰਤ ਬਦਲਿਆ ਜਾਵੇ। ਮਾਨ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਕਰੀਬ 18,500 ਡਿੱਪੂ ਹੋਲਡਰ ਬਿਲਕੁਲ ਬੇਰੁਜ਼ਗਾਰ ਹੋ ਜਾਣਗੇ। ਦਿੱਲੀ ਸਰਕਾਰ ਦੀ ਤਰਜ਼ ’ਤੇ ਪੰਜਾਬ ਸਰਕਾਰ ਵੀ ਡਿੱਪੂ ਹੋਲਡਰਾਂ ਨੂੰ ਕਮਿਸ਼ਨ ਮੁਕਰਰ ਕਰੇ ਜਾਂ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਦੀ ਤਰਜ਼ ’ਤੇ ਮਾਨ ਭੱਤਾ ਮੁਕਰਰ ਕਰੇ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਅਲੀਪੁਰ ਨੇ ਸਮੂਹ ਡਿੱਪੂ ਹੋਲਡਰਾਂ ਨੂੰ ਆਪਣੇ ਹੱਕਾਂ ਲਈ 16 ਮਈ ਨੂੰ ਅਨਾਜ ਭਵਨ ਸੈਕਟਰ 39, ਚੰਡੀਗੜ੍ਹ ਵਿੱਚ ਪਹੁੰਚਣ ਦੀ ਅਪੀਲ ਕੀਤੀ।