ਪਰਮਜੀਤ ਸਿੰਘ
ਫਾਜ਼ਿਲਕਾ, 15 ਫਰਵਰੀ
ਇਥੇ ਨਿੱਜੀ ਸਕੂਲਾਂ ਦੇ ਸਟਾਫ਼, ਮਾਪਿਆਂ ਅਤੇ ਸਕੂਲ ਵੈਨ ਦੇ ਚਾਲਕਾਂ ਵੱਲੋਂ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨੂੰ ਵੇਖਦੇ ਹੋਏ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਦੇ ਸਕੂਲ ਬੰਦ ਰੱਖਣ ਦੇ ਵਿਰੋਧ ’ਚ ਅੱਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਹਰਮੰਦਰ ਸਿੰਘ, ਹਰਭਜਨ ਲਾਲ, ਜੋਗਾ ਸਿੰਘ, ਨਿਰੰਜਨ ਸਿੰਘ, ਸੁਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦਾ ਬਹਾਨਾ ਬਣਆਕੇ ਛੋਟੇ ਬੱਚਿਆਂ ਲਈ ਸਕੂਲਾਂ ਨੂੰ ਬੰਦ ਕੀਤਾ ਹੋਇਆ ਹੈ। ਜਿਸ ਕਾਰਨ ਜਿੱਥੇ ਬੱਚਿਆਂ ਦੀ ਪੜ੍ਹਾਈ ਪ੍ਰਭਾਵਤ ਹੋ ਰਹੀ ਹੈ। ਇਸ ਤੋਂ ਇਲਾਵਾ ਸਕੂਲਾਂ ਦੇ ਮਾਲਕਾਂ, ਸਟਾਫ਼ ਅਤੇ ਸਕੂਲੀ ਵੈਨਾਂ ਦੇ ਮਾਲਕਾਂ ਅਤੇ ਚਾਲਕਾਂ ਦੇ ਕਾਰੋਬਾਰ ਕਾਫ਼ੀ ਪ੍ਰਭਾਵਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਦੇ ਸਕੂਲ ਜਲਦੀ ਨਾ ਖੋਲ੍ਹੇ ਗਏ ਤਾਂ ਉਹ ਆਪਣੇ ਸੰਘਰਸ਼ ਨੂੰ ਤੇਜ਼ ਕਰਨਗੇ।
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਇਥੇ ਸਕੂਲ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਗਿੱਦੜਬਾਹਾ ਸ਼ਹਿਰ ਵਿੱਚ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਪ੍ਰਾਈਵੇਟ ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਮਾਪਿਆਂ ਨੇ ਹਿੱਸਾ ਲਿਆ। ਇਸ ਮੌਕੇ ਕਰਮੇਸ਼ ਅਰੋੜਾ ਅਤੇ ਗੁਲਸ਼ਨ ਅਰੋੜਾ ਨੇ ਦੱਸਿਆ ਕਿ ਸਰਕਾਰ ਕਰੋਨਾ ਦੇ ਨਾਂ ’ਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।
ਕੌਮੀ ਮਾਰਗ ’ਤੇ ਮੁਜ਼ਾਹਰਾ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਇਥੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ ਪੰਜਾਬ ਦੇ ਸੱਦੇ ਉਪਰ ਇਲਾਕੇ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਨਰਸਰੀ ਤੋਂ ਪੰਜਵੀਂ ਤੱਕ ਲਈ ਸਕੂਲ ਖੋਲ੍ਹਣ ਲਈ ਮੋਗਾ ਬਰਨਾਲਾ ਕੌਮੀ ਮਾਰਗ ਸਥਿਤ ਬਧਨੀ ਕਲਾਂ ਵਿੱਚ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ। ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ, ਸੇਕਰਡ ਹਰਟ ਯੂਨੀਵਰਸਲ ਸਕੂਲ ਬਿਲਾਸਪੁਰ, ਸੁਪਰੀਮ ਕੌਨਵੈਂਟ ਸਕੂਲ ਬਿਲਾਸਪੁਰ, ਮੀਰੀ ਪੀਰੀ ਸਿੱਖਿਆ ਸੰਸਥਾ ਕੁੱਸਾ, ਐੱਮਜੀ ਕੌਨਵੈਂਟ ਸਕੂਲ ਹਿੰਮਤਪੁਰਾ, ਗ੍ਰੀਨ ਵੈਲੀ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ, ਰਾਇਲ ਕੌਨਵੈਂਟ ਸਕੂਲ ਨਿਹਾਲ ਸਿੰਘ ਵਾਲਾ, ਸੰਤ ਮਹੇਸ਼ ਮੁਨੀ ਪਬਲਿਕ ਸਕੂਲ ਬੱਧਨੀ ਕਲਾਂ, ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੋਪੋਂ , ਗ੍ਰੀਨ ਵੈਲੀ ਪਬਲਿਕ ਸਕੂਲ ਬੱਧਨੀ ਕਲਾਂ ਆਦਿ ਸਕੂਲਾਂ ਦੇ ਪ੍ਰਬੰਧਕਾਂ, ਅਧਿਆਪਕਾਂ, ਸਕੂਲ ਬੱਸ ਡਰਾਇਵਰਾਂ ਅਤੇ ਹੈਲਪਰਾਂ ਨੇ ਹਿੱਸਾ ਲਿਆ।