ਪੱਤਰ ਪ੍ਰੇਰਕ
ਸ਼ਹਿਣਾ, 14 ਅਕਤੂਬਰ
ਬਿਜਲੀ ਬੋਰਡ ਨਾਲ ਸਬੰਧਤ ਮੁਲਾਜ਼ਮ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਗੁਰਦਿਆਲ ਸਿੰਘ ਭੰਗਲ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਟਿੱਪਣੀ ਕਰਨ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਦਾ ਮਾਮਲਾ ਭਖ ਗਿਆ ਹੈ। ਮੁਲਾਜ਼ਮ ਜਥੇਬੰਦੀ ਨੇ ਅੱਜ ਥਾਣਾ ਸ਼ਹਿਣਾ ਅੱਗੇ ਰੋਸ ਧਰਨਾ ਲਾ ਕੇ ਹੰਸਾ ਸਿੰਘ ਵਾਸੀ ਮੌੜ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਕਤ ਮਾਮਲੇ ’ਚ ਥਾਣਾ ਸ਼ਹਿਣਾ ਦੇ ਐੱਸ.ਐੱਚ.ਓ. ਜਗਦੇਵ ਸਿੰਘ ਤੇ ਪਿੰਡ ਮੌੜ ਨਾਭਾ ਦੇ ਸਰਪੰਚ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਸੀਤਾ ਨੇ ਸੂਝਬੂਝ ਦਾ ਪ੍ਰਮਾਣ ਦਿੰਦਿਆਂ ਸਮਝੌਤਾ ਕਰਾ ਦਿੱਤਾ। ਹੰਸਾ ਸਿੰਘ ਨੇ ਲਿਖਤੀ ਮੁਆਫੀ ਮੰਗ ਲਈ ਅਤੇ ਕਿਹਾ ਕਿ ਉਸ ਨੇ ਗੁਰਦਿਆਲ ਸਿੰਘ ਭੰਗਲ ਖਿਲਾਫ਼ ਭ੍ਰਿਸ਼ਟਾਚਾਰ ਦੇ ਲਾਏ ਦੋਸ਼ਾਂ ਵਾਲੀ ਵੀਡੀਆ ਅਣਜਾਣੇ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਹੈ।
ਮੁਆਫੀ ਮੰਗਦਿਆਂ ਉਨ੍ਹਾਂ ਕਿਹਾ ਕਿ ਗੁਰਦਿਆਲ ਉਸ ਦੇ ਬਜ਼ੁਗਰਾਂ ਦੇ ਸਾਮਾਨ ਹੈ। ਇਸ ਮੌਕੇ ਜਥੇਬੰਦੀ ਦੇ ਆਗੂ ਵਰਿੰਦਰ ਸਿੰਘ, ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂ, ਛੋਟਾ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ। ਸਮਝੌਤੇ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।