ਪੱਤਰ ਪ੍ਰੇਰਕ
ਭੁੱਚੋ ਮੰਡੀ, 27 ਅਕਤੂਬਰ
ਪੀਡਬਲਿਊਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ (ਸ਼ਾਖਾ ਸੀਵਰੇਜ ਬੋਰਡ) ਵੱਲੋਂ ਪ੍ਰਧਾਨ ਮੱਖਣ ਸਿੰਘ ਖਣਗਵਾਲ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦੇ ਦਫ਼ਤਰ ਅੱਗੇ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਖ਼ਿਲਾਫ਼ ਧਰਨਾ ਦਿੱਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਬੱਸ ਅੱਡੇ ਅੱਗੇ ਕੌਂਸਲ ਦੇ ਪ੍ਰਧਾਨ ਦੀ ਅਰਥੀ ਫੂਕੀ। ਧਰਨੇ ਨੂੰ ਜੰਗਲਾਤ ਵਰਕਰਜ਼ ਯੂਨੀਅਨ ਦੇ ਆਗੂ ਅੰਮ੍ਰਿਤਪਾਲ ਸਿੰਘ, ਜਸਵੀਰ ਸੀਰਾ ਤੇ ਜਸਵਿੰਦਰ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼ ਸਿੰਘ ਤੇ ਮਿੱਠੂ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੁਖਮੰਦਰ ਸਿੰਘ ਧਾਲੀਵਾਲ ਤੇ ਤਾਰਾ ਸਿੰਘ ਅਤੇ ਸਿੰਚਾਈ ਵਿਭਾਗ ਦੇ ਕੁਲਵੰਤ ਸਿੰਘ, ਅਤੇ ਸ਼ਿਵ ਬਹਾਦਰ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ 23 ਸਤੰਬਰ ਨੂੰ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਦਫ਼ਤਰ ਅੱਗੇ ਧਰਨਾ ਲਗਾਇਆ, ਤਾਂ ਉਨ੍ਹਾਂ ਦਾ ਡਾਗਾਂ ਨਾਲ ਕੁਟਾਪਾ ਚਾੜਿ੍ਹਆ ਜਾਵੇਗਾ। ਇਸ ਦੇ ਵਿਰੋਧ ਵਿੱਚ 7 ਅਕਤੂਬਰ ਨੂੰ ਧਰਨਾ ਦੇ ਕੇ ਪ੍ਰਧਾਨ ਵੱਲੋਂ ਬੋਲੀ ਗਈ ਗ਼ਲਤ ਸ਼ਬਦਾਵਲੀ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਮੁੜ 27 ਅਕਤੂਬਰ ਨੂੰ ਧਰਨਾ ਦੇਣ ਦੀ ਚੇਤਾਵਨੀ ਦਿੱਤੀ ਗਈ ਸੀ। ਪਰ ਪ੍ਰਧਾਨ ਨੇ ਇਸ ਸਮੇਂ ਦੌਰਾਨ ਆਗੂਆਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਜਿਸ ਕਾਰਨ ਅੱਜ ਧਰਨਾ ਦਿੱਤਾ ਗਿਆ। ਉਨ੍ਹਾਂ ਪ੍ਰਧਾਨ ਦੇ ਇਸ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਧਾਨ ਨੇ ਆਪਣੀ ਗ਼ਲਤ ਸ਼ਬਦਾਵਲੀ ਵਾਪਸ ਨਾ ਲਈ, ਤਾਂ 17 ਨਵੰਬਰ ਨੂੰ ਮੁੜ ਦਫ਼ਤਰ ਅੱਗੇ ਧਰਨਾ ਦੇਣਗੇ ਅਤੇ ਘੜਾ ਭੰਨ ਮੁਜ਼ਾਹਰਾ ਕਰਨਗੇ। ਇਸ ਚੇਤਾਵਨੀ ਤੋਂ ਬਾਅਦ ਚੌਕੀ ਇੰਚਾਰਜ ਗੋਬਿੰਦ ਸਿੰਘ ਅਤੇ ਅਗਰਵਾਲ ਸਭਾ ਦੇ ਪ੍ਰਧਾਨ ਵਰਿੰਦਰ ਗਰਗ ਨੇ ਪ੍ਰਦਰਸ਼ਨਕਾਰੀਆਂ ਦੀ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨਾਲ ਮੀਟਿੰਗ ਕਰਵਾ ਦਿੱਤੀ। ਇਸ ਵਿੱਚ ਕੌਂਸਲ ਪ੍ਰਧਾਨ ਨੇ ਆਪਣੇ ਕਹੇ ਸ਼ਬਦ ਵਾਪਸ ਲੈ ਲਏ। ਇਸ ਉਪਰੰਤ ਆਗੂਆਂ ਨੇ 17 ਨਵੰਬਰ ਦਾ ਧਰਨਾ ਮੁਲਤਵੀ ਕਰ ਦਿੱਤਾ।