ਪੱਤਰ ਪ੍ਰੇਰਕ
ਜ਼ੀਰਾ, 19 ਜਨਵਰੀ
ਵਾਤਾਵਰਨ ਦੇ ਪਲੀਤ ਹੋਣ ਕਾਰਨ ਪੰਜਾਬੀਆਂ ਦੀ ਸਿਹਤ ਦੇ ਹੋ ਰਹੇ ਵੱਡੇ ਨੁਕਸਾਨ ਦੇ ਵਿਸ਼ੇ ’ਤੇ ਇੱਕ ਆਨਲਾਈਨ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਡਾਕਟਰ ਇੰਦਰਜੀਤ ਕੌਰ ਪਿੰਗਲਵਾੜਾ, ਕਾਹਨ ਸਿੰਘ ਪੰਨੂ ਤੋਂ ਇਲਾਵਾ ਹੋਰ ਪੰਜਾਬ ਦੇ ਵਾਤਾਵਰਨ ਲਈ ਚਿੰਤਤ ਕਾਰਕੁਨ ਸ਼ਾਮਲ ਸਨ। ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਤਿਆਰ ਕੀਤਾ ਵਾਤਾਵਰਨ ਲੋਕ ਮਨੋਰਥ ਪੱਤਰ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਪਹੁੰਚਾ ਦਿੱਤਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਸਾਰੀਆਂ ਹੀ ਧਿਰਾਂ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਵਾਤਾਵਰਨ ਨਾਲ ਜੁੜੇ ਮੁੱਦੇ ਪ੍ਰਮੁੱਖਤਾ ਨਾਲ ਸ਼ਾਮਲ ਕਰਨਗੇ। ਗਿਆਨੀ ਕੇਵਲ ਸਿੰਘ ਨੇ ਦੱਸਿਆ ਕਿ ਵਾਤਾਵਰਨ ਨੂੰ ਸਿਆਸੀ ਮੁੱਦਾ ਬਣਾਉਣ ਲਈ ਪੰਜਾਬ ਦੀ ਨੌਜਵਾਨੀ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਸਾਰਿਆਂ ਨੂੰ ਵਾਤਾਵਰਨ ਦੇ ਵਿਸ਼ੇ ਨੂੰ ਮੁੱਖ ਮੁੱਦਾ ਬਣਾਉਣ ਲਈ ਮੰਗ ਕਰਦੇ ਹੋਏ ਵੀਡੀਓ ਬਣਾ ਕੇ ਸੋਸ਼ਲ ਮੀਡਿਆ ਰਾਹੀਂ ਵੱਧ ਤੋਂ ਵੱਧ ਸ਼ੇਅਰ ਕਰਨੇ ਚਾਹੀਦੇ ਹਨ। ਕਰਨਲ ਜਸਜੀਤ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਸੰਯੁਕਤ ਸਮਾਜ ਮੋਰਚੇ ਦੀ ਮੈਨੀਫੈਸਟੋ ਕਮੇਟੀ ਦੇ ਪ੍ਰਧਾਨ ਨਾਲ ਵਿਸਥਾਰ ਵਿੱਚ ਇਸ ਬਾਰੇ ਚਰਚਾ ਕੀਤੀ ਹੈ ਅਤੇ ਉਨ੍ਹਾਂ ਨੇ ਭਰੋਸਾ ਦਵਾਇਆ ਹੈ ਕਿ ਉਹ ਇਸ ਨੂੰ ਪ੍ਰਮੁੱਖਤਾ ਨਾਲ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨਗੇ।