ਪੱਤਰ ਪ੍ਰੇਰਕ
ਮਾਨਸਾ, 23 ਜੁਲਾਈ
ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲਾਂ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਮਾਨਸਾ, ਹਾਈ ਸਕੂਲਾਂ ਵਿੱਚੋਂ ਸਰਕਾਰੀ ਹਾਈ ਸਮਾਰਟ ਸਕੂਲ ਬੋੜਾਵਾਲ ਅਤੇ ਮਿਡਲ ਸਕੂਲਾਂ ਵਿੱਚੋਂ ਸਰਕਾਰੀ ਮਿਡਲ ਸਮਾਰਟ ਸਕੂਲ ਰਾਮਾਨੰਦੀ ਨੂੰ ਬੈਸਟ ਸਕੂਲ ਐਵਾਰਡ ਲਈ ਚੁਣਿਆ ਗਿਆ ਹੈ।ਇਨ੍ਹਾਂ ਬੈਸਟ ਸਕੂਲਾਂ ਨੂੰ ਕਰਮਵਾਰ 10 ਲੱਖ ,7 ਲੱਖ 50 ਹਜ਼ਾਰ ਅਤੇ 5 ਲੱਖ ਰੁਪਏ ਦੀ ਨਕਦ ਰਾਸ਼ੀ ਮਿਲੇਗੀ। ਸਰਕਾਰੀ ਸੈਕੰਡਰੀ ਸਕੂਲ ਗਰਲਜ਼ ਮਾਨਸਾ ਦੀ ਪ੍ਰਿੰਸੀਪਲ ਪਦਮਨੀ, ਸਰਕਾਰੀ ਹਾਈ ਸਮਾਰਟ ਸਕੂਲ ਬੋੜਾਵਾਲ ਦੇ ਹੈੱਡਮਾਸਟਰ ਹਰਜਿੰਦਰ ਸਿੰਘ ਵਿਰਦੀ ਅਤੇ ਸਰਕਾਰੀ ਮਿਡਲ ਸਮਾਰਟ ਸਕੂਲ ਰਾਮਾਨੰਦੀ ਦੇ ਇੰਚਾਰਜ ਸ਼ਿੰਦਰ ਕੌਰ ਨੇ ਉਨ੍ਹਾਂ ਦੇ ਸਕੂਲਾਂ ਨੂੰ ਮਿਲੇ ਐਵਾਰਡ ਦਾ ਸਿਹਰਾ ਸਿੱਖਿਆ ਅਧਿਕਾਰੀਆਂ ਦੀ ਸੁਚੱਜੀ ਅਗਵਾਈ ਅਤੇ ਅਧਿਆਪਕਾਂ ਦੀ ਮਿਹਨਤ ਦੇ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ਐਵਾਰਡ ਦੇ ਰੂਪ ਵਿੱਚ ਮਿਲਣ ਵਾਲੀ ਰਾਸ਼ੀ ਨੂੰ ਸਕੂਲਾਂ ਦੀ ਹੋਰ ਬਿਹਤਰੀ ਲਈ ਖਰਚਿਆ ਜਾਵੇਗਾ ਅਤੇ ਸਕੂਲਾਂ ਦੀ ਪੜ੍ਹਾਈ ਦੇ ਮਿਆਰ ਨੂੰ ਕਾਇਮ ਰੱਖਿਆ ਜਾਵੇਗਾ।
ਸਕੂਲ ਇੰਚਾਰਜਾਂ ਨੂੰ ਮਿਲਣ ਲੱਗੀਆਂ ਵਧਾਈਆਂ
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਫਾਜ਼ਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਐਵਾਰਡੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਹੰਸ ਰਾਜ ਨੇ ਦੱਸਿਆ ਕਿ ਵਿਭਾਗ ਵੱਲੋਂ ਇੱਕ ਸਰਵੇ ਕਰਵਾ ਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਫਾਜ਼ਿਲਕਾ ਨੂੰ ਜ਼ਿਲ੍ਹੇ ਦਾ ਬੈਸਟ ਸੀਨੀਅਰ ਸੈਕੰਡਰੀ ਸਕੂਲ ਐਲਾਨ ਕੇ ਦਸ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਨਿਵਾਜਿਆ ਹੈ। ਇਸ ਤਰ੍ਹਾਂ ਸਰਕਾਰੀ ਹਾਈ ਸਕੂਲ ਚੁਆੜਿਆਵਾਲੀ ਨੂੰ ਜ਼ਿਲ੍ਹੇ ਦਾ ਬੈਸਟ ਹਾਈ ਸਕੂਲ ਐਲਾਨ ਕੇ ਸਾਢੇ ਸੱਤ ਲੱਖ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਹੈ। ਮਿਡਲ ਸਕੂਲਾਂ ਦੀ ਸ਼੍ਰੇਣੀ ਵਿੱਚ ਸਰਕਾਰੀ ਮਿਡਲ ਸਕੂਲ ਲਾਧੂਕਾ ਨੂੰ ਜ਼ਿਲ੍ਹੇ ਦਾ ਬੈਸਟ ਮਿਡਲ ਸਕੂਲ ਐਲਾਨ ਕੇ ਪੰਜ ਲੱਖ ਦੀ ਇਨਾਮੀ ਰਾਸ਼ੀ ਨਾਲ ਸਨਮਾਨਤ ਕੀਤਾ ਹੈ। ਉਨ੍ਹਾਂ ਪ੍ਰਿੰਸੀਪਲ ਪ੍ਰਦੀਪ ਕੁਮਾਰ ਖਨਗਵਾਲ, ਹੈੱਡ ਮਿਸਟਰਸ ਸੋਨਿਕਾ ਗੁਪਤਾ ਅਤੇ ਸਕੂਲ ਇੰਚਾਰਜ ਦਰਸ਼ਨ ਸਿੰਘ ਨੂੰ ਵਧਾਈਆਂ ਦਿੱਤੀਆਂ।