ਗਿੱਦੜਬਾਹਾ: ਇੱਥੇ ਸਵੇਰੇ ਕਰੀਬ 8 ਵਜੇ ਗਿੱਦੜਬਾਹਾ ਸਟੇਸ਼ਨ ’ਤੇ ਚੱਲਦੀ ਗੱਡੀ ਵਿੱਚੋਂ ਉਤਰਨ ਦੀ ਕੋਸ਼ਿਸ਼ ਕਰਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਏਐੱਸਆਈ ਪਰਮਪਾਲ ਸਿੰਘ ਨੇ ਦੱਸਿਆ ਕਿ ਬਲਵੀਰ ਸਿੰਘ (73) ਵਾਸੀ ਪਿੰਡ ਗੂੜ੍ਹੀ ਸੰਘਰ ਆਪਣੇ ਬੇਟੇ ਸੁਖਦੀਪ ਸਿੰਘ ਨਾਲ ਗਿੱਦੜਬਾਹਾ ਤੋਂ ਮਲੋਟ ਜਾਣ ਲਈ ਰੇਲਗੱਡੀ ਵਿੱਚ ਚੜ੍ਹਿਆ ਸੀ। ਬਾਅਦ ’ਚ ਉਸ ਨੂੰ ਪਤਾ ਲੱਗਾ ਕਿ ਉਹ ਗਲਤੀ ਨਾਲ ਬਠਿੰਡਾ ਜਾਣ ਵਾਲੀ ਗੱਡੀ ਵਿੱਚ ਚੜ੍ਹ ਗਿਆ ਹੈ ਅਤੇ ਚੱਲਦੀ ਗੱਡੀ ਵਿੱਚੋਂ ਉਤਰਨ ਦੀ ਕੋਸ਼ਿਸ਼ ’ਚ ਰੇਲਵੇ ਲਾਈਨ ’ਤੇ ਗੱਡੀ ਨਾਲ ਘਸੀਟਦਾ ਚਲਾ ਗਿਆ। ਉਸ ਦੇ ਪੁੱਤਰ ਸੁਖਦੀਪ ਸਿੰਘ ਨੇ ਜ਼ਖ਼ਮੀ ਹਾਲਤ ਵਿੱਚ ਆਪਣੇ ਪਿਤਾ ਨੂੰ ਕਾਰ ਚਾਲਕ ਦੀ ਮਦਦ ਨਾਲ ਸਿਵਲ ਹਸਪਤਾਲ ਗਿੱਦੜਬਾਹਾ ਲਿਆਂਦਾ, ਜਿੱਥੇ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰੇਲਵੇ ਅਧਿਕਾਰੀ ਨੇ ਦੱਸਿਆ ਕਿ ਸੁਖਦੀਪ ਸਿੰਘ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕਰ ਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। -ਪੱਤਰ ਪ੍ਰੇਰਕ