ਪੱਤਰ ਪ੍ਰੇਰਕ
ਮਾਨਸਾ, 15 ਅਪਰੈਲ
ਸ਼ਹੀਦ ਭਗਤ ਸਿੰਘ ਨਗਰ ਸੁਧਾਰ ਕਮੇਟੀ ਨੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਤੇ ਹੋਰਨਾਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਇਸ ਮਗਰੋਂ ਡਿਪਟੀ ਕਮਿਸ਼ਨਰ ਨੇ ਤਿੰਨਕੋਣੀ ’ਤੇ ਖੜ੍ਹੇ ਸੀਵਰੇਜ ਦੇ ਪਾਣੀ ਅਤੇ ਰੀਚਾਰਜਿੰਗ ਪੁਆਇੰਟ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਸੀਵਰੇਜ ਬੋਰਡ ਦੇ ਐਕਸੀਅਨ ਨੂੰ ਬੁਲਾ ਕੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਕਰਨ ਦੇ ਆਦੇਸ਼ ਦਿੱਤੇ। ਇਸ ਦੌਰਾਨ ਮੌਕਾ ਦੇਖਣ ਆਏ ਡਿਪਟੀ ਕਮਿਸ਼ਨਰ ਨੂੰ ਸ਼ਹੀਦ ਭਗਤ ਸਿੰਘ ਨਗਰ ਸੁਧਾਰ ਕਮੇਟੀ ਨੇ ਮੰਗ ਪੱਤਰ ਵੀ ਦਿੱਤਾ। ਕਮੇਟੀ ਦੇ ਪ੍ਰਧਾਨ ਡਾ. ਰਵਿੰਦਰ ਸਿੰਘ ਬਰਾੜ ਤੇ ਸਕੱਤਰ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ’ਤੇ ਮੰਗ ਪੱਤਰ ਦੇਣ ਗਏ ਸਨ, ਪਰ ਡਿਪਟੀ ਕਮਿਸ਼ਨਰ ਉਨ੍ਹਾਂ ਨਾਲ ਸੀਵਰੇਜ ਦੇ ਗੰਦੇ ਪਾਣੀ ਦਾ ਮੌਕਾ ਦੇਖਣ ਆਏ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਪਾਣੀ ਕੱਢਣ ਦੇ ਹੁਕਮ ਦਿੱਤੇ। ਆਗੂਆਂ ਨੇ ਦੱਸਿਆ ਕਿ ਬਰਸਾਤਾਂ ਹੋਣ ਕਾਰਨ ਤਿੰਨਕੋਣੀ ’ਤੇ ਜਮ੍ਹਾਂ ਪਾਣੀ ਦੇ ਹੱਲ ਲਈ ਮਹੀਨੇ ਵਿਚ ਪੁਲ ਦੇ ਦੋਨੋਂ ਪਾਸੇ ਬਣੇ ਨਾਲਿਆਂ ਦੀ ਸਫਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਦੀ ਸਹੀ ਸਪਲਾਈ ਲਈ ਵਾਰਡ ਨੂੰ ਤਿੰਨਕੋਣੀ ਵੱਲੋਂ ਕੁਨੈਸ਼ਨ ਦਿੱਤਾ ਜਾਵੇੇ ਅਤੇ ਤਿੰਨਕੋਣੀ ਵਾਲੇ ਏਰੀਏ ਨੂੰ ਸਪਲਾਈ ਦੇਣ ਲਈ ਠੂਠਿਆਂਵਾਲੀ ਰੋਡ ’ਤੇ ਵਾਟਰ ਵਰਕਸ ਲਗਾਇਆ ਜਾਵੇ। ਇਸ ਮੌਕੇ ਡਾ. ਮਨੋਜ ਗੋਇਲ ਤੇ ਰਮਨਦੀਪ ਸਿੰਘ ਵੀ ਹਾਜ਼ਰ ਸਨ।