ਪੱਤਰ ਪ੍ਰੇਰਕ
ਮਾਨਸਾ 26 ਦਸੰਬਰ
ਸਹਾਰਨਾ ਪਿੰਡ ਦੀ ਇੱਕ ਲੜਕੀ ਗੁਰਪ੍ਰੀਤ ਕੌਰ ਦੀ ਮੌਤ ਸਬੰਧੀ ਇਨਸਾਫ਼ ਲੈਣ ਲਈ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸਐੱਸਪੀ ਦਫ਼ਤਰ ਸਾਹਮਣੇ ਦਿਨ-ਰਾਤ ਦਾ ਧਰਨਾ ਲਾਇਆ ਗਿਆ।
ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਇਹ ਲੜਕੀ ਕੋਟ ਧਰਮੂ ਪਿੰਡ ਵਿੱਚ ਸੱਤ-ਅੱਠ ਸਾਲ ਪਹਿਲਾਂ ਵਿਆਹੀ ਸੀ ਅਤੇ ਉਸ ਪਰਿਵਾਰ ਵੱਲੋ ਇਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਲੜਕੀ ਦੀ ਮੌਤ ਤੋਂ ਬਾਅਦ ਪੁਲੀਸ ਨੇ ਖ਼ੁਦਕੁਸ਼ੀ ਦੀ ਕਹਾਣੀ ਬਣਾ ਦਿੱਤੀ ਜਦੋਂ ਕਿ ਉਸ ਨੂੰ ਕਤਲ ਕੀਤੀ ਗਿਆ ਹੈ। ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਕੇਂਦਰੀ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦੋਸ਼ ਲਾਇਆ ਕਿ ਲੜਕੀ ਨੂੰ ਉਸ ਦੀ ਨਨਾਣ ਅਤੇ ਸਹੁਰੇ ਵੱਲੋਂ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਿਸ ਲਈ ਬਿਆਨ ਲਿਖਵਾਉਣ ਦੇ ਬਾਵਜੂਦ ਪੁਲੀਸ ਨੇ ਕੇਸ ਵਿੱਚ ਨਹੀਂ ਪਾਇਆ। ਉਨ੍ਹਾਂ ਮੰਗ ਕੀਤੀ ਪੁਲੀਸ ਨਨਾਣ ਤੇ ਸਹੁਰੇ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਇਸ ਸਬੰਧੀ ਆਰੰਭ ਕੀਤੀ ਜਾਂਚ ਸਬੰਧਤ ਅਧਿਕਾਰੀ ਤੋਂ ਬਦਲੀ ਜਾਵੇ। ਉਨ੍ਹਾਂ ਮੰਚ ਤੋਂ ਐਲਾਨ ਕੀਤਾ ਕਿ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ।
ਇਸ ਮੌਕੇ ਗੁਰਜੰਟ ਸਿੰਘ ਮਾਨਸਾ, ਹਰਚਰਨ ਸਿੰਘ, ਪ੍ਰਗਤੀਸ਼ੀਲ ਇਸਤਰੀ ਸਭਾ ਦੇ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ, ਮਜ਼ਦੂਰ ਯੂਨੀਅਨ ਦੇ ਸੱਤਪਾਲ ਸਿੰਘ ਆਦਿ ਨੇ ਸੰਬੋਧਨ ਕੀਤਾ।