ਗੁਰਪ੍ਰੀਤ ਸਿੰਘ
ਸਾਦਿਕ, 11 ਸਤੰਬਰ
ਮੀਂਹ ਪੈਣ ਦੇ ਹਫ਼ਤਾ ਬੀਤਣ ਮਗਰੋਂ ਵੀ ਖੇਤਾਂ ਵਿੱਚੋਂ ਪਾਣੀ ਦਾ ਪੱਧਰ ਘਟਦਾ ਨਜ਼ਰ ਨਹੀਂ ਆ ਰਿਹਾ ਤੇ ਫਸਲਾਂ ਬਦਬੂ ਮਾਰਨ ਲੱਗੀਆਂ ਹਨ। ਨਿਸਾਰੇ ’ਤੇ ਆਏ ਝੋਨੇ ਦੀ ਗੋਭ ਵਿੱਚ ਪਾਣੀ ਭਰਨ ਕਾਰਨ ਦਾਣੇ ਕਾਲੇ ਪੈ ਰਹੇ ਹਨ, ਜਿਸ ਕਰ ਕੇ ਕਿਸਾਨਾਂ ਦੇ ਫਿਕਰ ਲਗਾਤਾਰ ਵਧ ਰਹੇ ਨੇ ਤੇ ਉਹ ਆਪਣੀਆਂ ਫਸਲਾਂ ਬਚਾਉਣ ਖਾਤਰ ਦਿਨ ਰਾਤ ਇੱਕ ਕਰ ਕੇ ਟਿਊਬਵੈੱਲਾਂ ਰਾਹੀਂ ਪਾਣੀ ਬਾਹਰ ਕੱਢਣ ’ਤੇ ਜੁਟੇ ਹੋਏ ਹਨ। ਕਿਸਾਨਾਂ ਅਨੁਸਾਰ ਹਾਲੇ ਤੱਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਸਾਰ ਨਹੀਂ ਲਈ। ਜਸਵਿੰਦਰ ਸਿੰਘ ਤੇ ਕੇਵਲ ਸਿੰਘ ਨੇ ਦੱਸਿਆ ਕਿ ਪਿੰਡ ਡੋਡ, ਅਹਿਲ ਤੇ ਪਿੰਡੀ ਬਲੋਚਾਂ ਆਦਿ ਪਿੰਡਾਂ ਕੋਲੋਂ ਲੰਘਦੀ ਗੋਲੇਵਾਲਾ ਡਰੇਨ ਮੀਂਹ ਵਾਲੇ ਦਿਨ ਤੋਂ ਹੀ ਭਰੀ ਵਗ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਇਸ ਦੀ ਸਾਫ ਸਫਾਈ ਨਾ ਹੋਣ ਕਾਰਨ ਅਤੇ ਰਸਤਿਆਂ ਵਿੱਚ ਪੈਂਦੀਆਂ ਤੰਗ ਪੁਲੀਆਂ ਵਿੱਚ ਵੇਲਾ ਫਸ ਚੁੱਕੀਆਂ ਹਨ, ਜਿਸ ਕਾਰਨ ਪਾਣੀ ਓਵਰਫਲੋਅ ਹੋ ਕੇ ਉਕਤ ਖੇਤਾਂ ਵਿੱਚ ਵੜ ਗਿਆ ਹੈ। ਇਸ ਦੌਰਾਨ ਅਵਤਾਰ ਸਿੰਘ ਮੈਮੋਰੀਅਲ ਸੁਸਾਇਟੀ ਦੇ ਸੇਵਾਦਾਰ ਨਵਦੀਪ ਸਿੰਘ ਬਰਾੜ ਨੇ ਸਰਕਾਰ ਤੋਂ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।