ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 6 ਜਨਵਰੀ
ਦੋ ਕਾਂਗਰਸੀਆਂ ਦੀ ਆਪਸੀ ਖਿੱਚੋਤਾਣ ਕਾਰਨ ਨਗਰ ਕੌਂਸਲ ਇੱਕ ਵਾਰ ਮੁੜ ਸੁਰਖ਼ੀਆਂ ਵਿੱਚ ਆ ਗਈ ਹੈ। ਇਸ ਵਾਰ ਇਸਦਾ ਕਾਰਨ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਵੱਲੋਂ ਸ਼ਹਿਰ ਦੇ ਪਾਰਕਾਂ ਦੇ ਸੁੰਦਰੀਕਰਨ ਅਤੇ ਓਪਨ ਜਿੰਮ ਵਾਸਤੇ ਪੰਜਾਬ ਸਰਕਾਰ ਤੋਂ 60 ਲੱਖ ਰੁਪਏ ਨਗਰ ਸੁਧਾਰ ਟਰੱਸਟ ਨੂੰ ਦੁਆਉਣ ਮਗਰੋਂ ਕੰਮ ਸ਼ੁਰੂ ਕਰਵਾਉਣ ਲਈ ਨਗਰ ਕੌਂਸਲ ਵੱਲੋਂ ਨਾ-ਇਤਰਾਜ਼ਹੀਣਤਾ ਸਰਟੀਫਿਕੇਟ ਨਾ ਇਸ਼ੂ ਕੀਤਾ ਜਾਣਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰੀ ਪਲਾਨ ਸਕੀਮ ਤਹਿਤ 10 ਦਸੰਬਰ ਨੂੰ ਟਰੱਸਟ ਨੂੰ ਇਹ ਗਰਾਂਟ ਜਾਰੀ ਕੀਤੀ ਗਈ ਸੀ। ਟਰੱਸਟ ਦੇ ਚੇਅਰਮੈਨ ਓਮਕਾਰ ਗੋਇਲ ਅਨੁਸਾਰ ਇਸ ਗਰਾਂਟ ਨਾਲ ਸ਼ਹਿਰ ਦੇ 6 ਵਾਰਡਾਂ ਅੰਦਰ ਓਪਨ ਜਿੰਮ ਅਤੇ ਲੋਕਾਂ ਦੇ ਸੈਰ ਕਰਨ ਲਈ ਫੁੱਟਪਾਥ ਅਤੇ ਪਾਰਕਾਂ ਦਾ ਸੁੰਦਰੀਕਰਨ ਕੀਤਾ ਜਾਣਾ ਸੀ। ਇਹ ਸਾਰੇ ਪਾਰਕ ਅਤੇ ਥਾਵਾਂ ਨਗਰ ਕੌਂਸਲ ਦੀਆਂ ਹਨ। ਸੁਧਾਰ ਹੋਣ ਮਗਰੋਂ ਇਨ੍ਹਾਂ ਦੀ ਸਾਂਭ-ਸੰਭਾਲ ਵੀ ਨਗਰ ਕੌਂਸਲ ਨੇ ਹੀ ਕਰਨੀ ਹੈ। ਨਗਰ ਸੁਧਾਰ ਟਰੱਸਟ ’ਤੇ ਰਾਹੁਲ ਸਿੱਧੂ ਧੜੇ ਦੇ ਓਮਕਾਰ ਗੋਇਲ ਕਾਬਜ਼ ਹਨ ਜਦੋਂਕਿ ਨਗਰ ਕੌਂਸਲ ਉੱਤੇ ਅਜੈਪਾਲ ਸੰਧੂ ਧੜੇ ਨਾਲ ਸਬੰਧਤ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਕਾਬਜ਼ ਹਨ। ਇਨ੍ਹਾਂ ਦੋਵਾਂ ਧੜਿਆਂ ਵਿਚਕਾਰ ਲੰਮੇ ਸਮੇਂ ਤੋਂ ਖਿੱਚੋਤਾਣ ਚੱਲ ਰਹੀ ਹੈ। ਓਮਕਾਰ ਗੋਇਲ ਦਾ ਦੋਸ਼ ਹੈ ਕਿ ਉਨ੍ਹਾਂ ਨਗਰ ਕੌਂਸਲ ਨੂੰ ਤਿੰਨ ਪੱਤਰ ਲਿਖੇ ਕਿ ਨਾ-ਇਤਰਾਜ਼ਹੀਣਤਾ ਸਰਟੀਫਿਕੇਟ ਜਲਦ ਜਾਰੀ ਕੀਤਾ ਜਾਵੇ। ਹਾਲਾਂਕਿ ਟਰੱਸਟ ਨੇ ਇਸ ਦਾ ਟੈਂਡਰ ਨੋਟਿਸ ਵੀ ਇਸ਼ੂ ਕਰ ਦਿੱਤਾ, ਨਾ-ਇਤਰਾਜ਼ਹੀਣਤਾ ਸਰਟੀਫਿਕੇਟ ਨਾ ਆਉਣ ਕਰਕੇ ਫਿਲਹਾਲ ਉਸ ’ਤੇ ਰੋਕ ਲੱਗੀ ਹੈ।
ਨਗਰ ਕੌਂਸਲ ਕਾਰਜਸਾਧਕ ਅਫ਼ਸਰ ਅੰਮ੍ਰਿਤ ਲਾਲ ਨੇ ਦੱਸਿਆ ਕਿ ਕੌਂਸਲ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾ ਰਿਹਾ ਹੈ।