ਮੁੱਖ ਅੰਸ਼
- ਅਪਰੈਲ ਤੋਂ ਭਾਖੜਾ ’ਚ ਨਹਿਰਬੰਦੀ ਵਧਾ ਸਕਦੀ ਹੈ ਦਿੱਕਤਾਂ; ਬਿਜਾਈ ਪੱਛੜਣ ਦੇ ਆਸਾਰ
- ਲਾਰਵੇ ਨੂੰ ਖ਼ਤਮ ਕਰਨ ਲਈ ਨਰਮੇ ਦੀਆਂ ਪੁਰਾਣੀਆਂ ਛਟੀਆਂ ਨੂੰ ਅੱਗ ਲਗਾ ਕੇ ਸਾੜਨ ਦੀ ਹਦਾਇਤ
ਬਲਜੀਤ ਸਿੰਘ
ਸਰਦੂਲਗੜ੍ਹ, 24 ਅਪਰੈਲ
ਪਿਛਲੇ ਸਾਲ ਨਰਮੇ ਦੀ ਫਸਲ ਨੂੰ ਪਈ ਗੁਲਾਬੀ ਸੁੰਡੀ ਨੇ ਨਰਮੇ ਦੀ ਫ਼ਸਲ ਬਰਬਾਦ ਕਰ ਦਿੱਤੀ ਸੀ। ਗੁਲਾਬੀ ਸੁੰਡੀ ਦੇ ਝੰਬੇ ਕਿਸਾਨ ਇਸ ਵਾਰ ਨਰਮਾ ਬੀਜਣ ਤੋਂ ਪਹਿਲਾਂ ਸੌ ਵਾਰ ਸੋਚ ਰਹੇ ਹਨ। ਸਬੰਧਤ ਮਹਿਕਮੇ ਵੱਲੋਂ ਕਿਸਾਨ ਕੈਂਪ ਲਗਾ ਕੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਖੇਤਾਂ ਅਤੇ ਘਰਾਂ ’ਚ ਪਈਆਂ ਨਰਮੇ ਦੀਆਂ ਪੁਰਾਣੀਆਂ ਛਟੀਆਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਵੇ ਤਾਂ ਕਿ ਛਟੀਆਂ ਆਦਿ ’ਚ ਪਏ ਗੁਲਾਬੀ ਸੁੰਡੀ ਦੇ ਲਾਰਵੇ ਨੂੰ ਖ਼ਤਮ ਕੀਤਾ ਜਾ ਸਕੇ।
ਪਿਛਲੇ ਸਾਲ ਹੋਏ ਗੁਲਾਬੀ ਸੁੰਡੀ ਦੇ ਹਮਲੇ ਦੇ ਡਰ ਨੇ ਕਿਸਾਨਾਂ ਨੂੰ ਇਸ ਕਦਰ ਡਰਾ ਦਿੱਤਾ ਹੈ ਕਿ ਬਹੁਤੀਆਂ ਨਰਮੇ ਵਾਲੀਆਂ ਜ਼ਮੀਨਾਂ ਠੇਕੇ ’ਤੇ ਨਹੀਂ ਲੱਗ ਰਹੀਆਂ ਅਤੇ ਕੁਝ ਕਿਸਾਨ ਨਰਮਾ ਬੀਜਣ ਦੀ ਬਜਾਏ ਗੁਆਰੇ ਅਤੇ ਮੂੰਗੀ ਆਦਿ ਦੀ ਫ਼ਸਲ ਨੂੰ ਤਰਜੀਹ ਦੇ ਰਹੇ ਹਨ। ਇਸ ਕਾਰਨ ਨਰਮੇ ਹੇਠਲਾ ਰਕਬਾ ਪਿਛਲੇ ਸਾਲ ਨਾਲੋਂ ਘਟਣ ਦੀ ਸੰਭਾਵਨਾ ਲੱਗ ਰਹੀ ਹੈ।
ਇਸੇ ਦੌਰਾਨ 29 ਅਪਰੈਲ ਤੋੰ 16 ਦਿਨਾਂ ਲਈ ਭਾਖੜਾ ’ਚ ਨਹਿਰਬੰਦੀ ਹੋ ਜਾਵੇਗੀ। ਜੇਕਰ ਬੰਦੀ ਹੋ ਜਾਂਦੀ ਹੈ ਤਾਂ ਨਰਮੇ ਦੀ ਬਿਜਾਈ ਪੱਛੜ ਜਾਵੇਗੀ। ਨਰਮੇ ਦੀ ਪਛੇਤੀ ਬਿਜਾਈ ਤੇ ਸੁੰਡੀ ਦੇ ਹਮਲਾ ਦਾ ਡਰ ਜ਼ਿਆਦਾ ਬਣਿਆ ਰਹਿੰਦਾ ਹੈ। ਗੁਲਾਬੀ ਸੁੰਡੀ ਦੇ ਡਰ ਅਤੇ ਨਹਿਰਬੰਦੀ ਕਾਰਨ ਇਸ ਵਾਰ ਨਰਮੇ ਦੀ ਬਿਜਾਈ ਪਹਿਲਾਂ ਨਾਲੋਂ ਘੱਟ ਹੋਣ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਮਾਲਵਾ ਇਲਾਕੇ ਵਿੱਚ ਪਹਿਲਾਂ ਵੀ ਕਈ ਵਾਰ ਨਰਮੇ ਦੀ ਫਸਲ ’ਤੇ ਕੀੜਿਆਂ ਦਾ ਹਮਲਾ ਹੋ ਚੁੱਕਾ ਹੈ। ਕਿਸਾਨ ਜਥੇਬੰਦੀਆਂ ਤੇ ਸਬੰਧਤ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਇਨ੍ਹਾਂ ਕੀੜਿਆਂ ਦੀ ਸਫਲਤਾਪੂਰਨ ਰੋਕਥਾਮ ਕੀਤੀ ਜਾਂਦੀ ਰਹੀ ਹੈ। ਹੁਣ ਵੀ ਸਬੰਧਤ ਧਿਰਾਂ ਨੂੰ ਆਸ ਹੈ ਕਿ ਗੁਲਾਬੀ ਸੁੰਡੀ ਨਰਮੇ ਦਾ ਨੁਕਸਾਨ ਨਹੀਂ ਕਰੇਗੀ ਤੇ ਸਥਿਤੀ ਕਾਬੂ ਹੇਠ ਰਹੇਗੀ।
ਨਹਿਰ ’ਚ 25 ਮਈ ਤੱਕ ਲਗਾਤਾਰ ਪਾਣੀ ਛੱਡਣ ਦੀ ਅਪੀਲ
ਸਹਾਇਕ ਕਪਾਹ ਅਫਸਰ (ਮਾਨਸਾ) ਮਨੋਜ ਕੁਮਾਰ ਨੇ ਦੱਸਿਆ ਕਿ ਬੇਸ਼ੱਕ ਗੁਲਾਬੀ ਸੁੰਡੀ ਦਾ ਡਰ ਬਰਕਰਾਰ ਹੈ ਪਰ ਨਰਮੇ ਦੇ ਭਾਅ ’ਚ ਆਈ ਭਾਰੀ ਤੇਜ਼ੀ ਕਾਰਨ ਨਰਮੇ ਦੀ ਬਿਜਾਈ ’ਤੇ ਕੋਈ ਜ਼ਿਆਦਾ ਅਸਰ ਨਹੀਂ ਪਵੇਗਾ। ਮਹਿਕਮੇ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ। ਇਸ ਵਾਰ ਸੁੰਡੀ ’ਤੇ ਪੂਰਨ ਕਾਬੂ ਪਾ ਲਿਆ ਜਾਵੇਗਾ। ਨਹਿਰਬੰਦੀ ਲਈ ਸਰਕਾਰ ਤੇ ਸਬੰਧਤ ਮਹਿਕਮੇ ਨੂੰ ਪਹਿਲਾਂ ਹੀ ਲਿਖ ਕੇ ਭੇਜ ਚੁੱਕੇ ਹਾਂ ਕਿ ਨਹਿਰ ’ਚ 25 ਮਈ ਤੱਕ ਲਗਾਤਾਰ ਪਾਣੀ ਦੀ ਸਪਲਾਈ ਦਿੱਤੀ ਜਾਵੇ।