ਸ਼ਗਨ ਕਟਾਰੀਆ
ਬਠਿੰਡਾ, 8 ਜਨਵਰੀ
ਏਮਜ਼ ਬਠਿੰਡਾ ਨੇ ਕਰੋਨਾ ਦੀ ਤੀਜੀ ਲਹਿਰ ਦੌਰਾਨ ਕਰੋਨਾ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਏਮਜ਼ ਓਪੀਡੀ ਸੇਵਾਵਾਂ ਕੁੱਝ ਸਮੇਂ ਲਈ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਏਮਜ਼ ਬਠਿੰਡਾ ਦੇ ਡੀਨ ਅਤੇ ਅਧਿਕਾਰਤ ਬੁਲਾਰੇ ਪ੍ਰੋ. ਸਤੀਸ਼ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਅਤੇ ਇਸ ਦੇ ਆਸ-ਪਾਸ ਕੋਵਿਡ ਦੇ ਮਾਮਲਿਆਂ ’ਚ ਅਚਾਨਕ ਵਾਧਾ ਹੋਇਆ ਹੈ। ਇਸ ਲਈ ਓਪੀਡੀ ਸੇਵਾਵਾਂ ਦਾ ਲਾਭ ਲੈਣ ਲਈ ਏਮਜ਼ ਬਠਿੰਡਾ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਓਪੀਡੀ ਸਿਰਫ਼ ਲੋੜਵੰਦ ਮਰੀਜ਼ਾਂ ਲਈ ਹੀ ਕੰਮ ਕਰੇਗੀ। ਉਨ੍ਹਾਂ ਮੁਤਾਬਿਕ ਏਮਜ਼ ਵਿੱਚ ਮਰੀਜ਼ਾਂ ਦੀ ਗਿਣਤੀ ਇਸ ਲਈ ਘਟਾਈ ਜਾ ਰਹੀ ਹੈ ਤਾਂ ਜੋ ਕਰੋਨਾ ਦੀ ਲਾਗ ਨੂੰ ਘੱਟ ਕੀਤਾ ਜਾ ਸਕੇ। ਉਂਜ ਐਮਰਜੈਂਸੀ ਮਰੀਜ਼ਾਂ ਲਈ ਓਪੀਡੀ ਖੁੱਲ੍ਹੀ ਰਹੇਗੀ ਪਰ ਦੂਜੇ ਮਰੀਜ਼ ਟੈਲੀ-ਮੈਡੀਸਨ ਰਾਹੀਂ ਆਪਣਾ ਚੈਕਅੱਪ ਕਰਵਾ ਸਕਣਗੇ। ਇਸ ਲਈ ਏਮਜ਼ ਪ੍ਰਬੰਧਕਾਂ ਵੱਲੋਂ ਫੋਨ ਨੰਬਰ 0164-286-7250, 0164-286-7253, 0164-286-7254 ਅਤੇ 0164-286-7256 ਜਾਰੀ ਕੀਤੇ ਗਏ ਹਨ।
ਫ਼ਿਰੋਜ਼ਪੁਰ ਦੇ ਡੀਸੀ ਅਤੇ ਸਿਵਲ ਸਰਜਨ ਕਰੋਨਾਗ੍ਰਸਤ ਹੋਏ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਫ਼ਿਰੋਜ਼ਪੁਰ ਵਿੱਚ ਸੱਤ ਮਹੀਨਿਆਂ ਦੇ ਲੰਮੇ ਅੰਤਰਾਲ ਮਗਰੋਂ ਅੱਜ ਬੀਤੇ ਚੌਵੀ ਘੰਟਿਆਂ ਦੌਰਾਨ ਕਰੋਨਾ ਦੇ 60 ਨਵੇਂ ਕੇਸ ਸਾਹਮਣੇ ਆਏ ਹਨ। ਫ਼ਿਰੋਜ਼ਪੁਰ ’ਚ 5 ਜਨਵਰੀ ਨੂੰ ਪ੍ਰਧਾਨ ਮੰਤਰੀ ਦੀ ਫ਼ੇਰੀ ਤੋਂ ਪਹਿਲਾਂ ਬਾਹਰੋਂ ਆਏ ਅਫ਼ਸਰਾਂ ਨਾਲ ਮੀਟਿੰਗ ਕਰਨ ਵਾਲੇ ਸਾਰੇ ਅਫ਼ਸਰਾਂ ਦੇ ਸੈਂਪਲ ਲਏ ਜਾ ਰਹੇ ਹਨ। ਪੀੜਤਾਂ ਵਿੱਚ ਜ਼ਿਲ੍ਹੇ ਦੇ ਡੀਸੀ ਦਵਿੰਦਰ ਸਿੰਘ ਅਤੇ ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਵੀ ਸ਼ਾਮਲ ਹਨ। ਡਿਪਟੀ ਮੈਡੀਕਲ ਅਫ਼ਸਰ ਦਾ ਪਰਿਵਾਰ ਪਹਿਲਾਂ ਤੋਂ ਹੀ ਪੀੜਤਾਂ ਵਿੱਚ ਸ਼ਾਮਲ ਹੈ। ਦੋ ਮਰੀਜ਼ ਸੀਨੀਅਰ ਮੈਡੀਕਲ ਅਫ਼ਸਰ ਦੇ ਸੰਪਰਕ ਵਿੱਚ ਆਉਣ ਮਗਰੋਂ ਪੀੜਤਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਜ਼ਿਲ੍ਹੇ ’ਚ ਇਸ ਵੇਲੇ ਕਰੋਨਾ ਦੇ ਐਕਟਿਵ ਮਰੀਜ਼ਾਂ ਦੀ ਸੰਖਿਆ 123 ਹੋ ਗਈ ਹੈ। ਇਸ ਸਰਹੱਦੀ ਜ਼ਿਲ੍ਹੇ ’ਚ ਹੁਣ ਤੱਕ 14607 ਕਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 504 ਮਰੀਜ਼ ਦਮ ਤੋੜ ਚੁੱਕੇ ਹਨ। ਡੀਸੀ ਅਤੇ ਸਿਵਲ ਸਰਜਨ ਨੂੰ ਦਸ ਦਿਨਾਂ ਵਾਸਤੇ ਆਈਸੋਲੇਟ ਕਰ ਦਿੱਤਾ ਗਿਆ ਹੈ।