ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਫਰਵਰੀ
ਪੰਜਾਬ ਵਿਧਾਨ ਸਭਾ ਚੋਣਾਂ ’ਚ 20 ਫਰਵਰੀ ਨੂੰ ਪਈਆਂ ਵੋਟਾਂ ਲਈ ਕੁੱਕ ਬੀਬੀਆਂ ਤੋਂ ਪੋਲਿੰਗ ਸਟਾਫ ਲਈ ਦੋ ਦਿਨ ਰੋਟੀਆਂ ਪਕਵਾ ਕੇ ਉਨ੍ਹਾਂ ਨੂੰ ਖਾਲੀ ਹੱਥ ਘਰਾਂ ਨੂੰ ਤੋਰ ਦਿੱਤਾ ਗਿਆ। ਕੁੱਕ ਬੀਬੀਆਂ ਨੇ ਮਿਹਨਤਾਨਾ ਲੈਣ ਲਈ ਨੇਚਰ ਪਾਰਕ ਵਿਚ ਰੋਸ ਧਰਨਾ ਦਿੱਤਾ।
ਇਸ ਮੌਕੇ ਮਿਡ-ਡੇਅ ਮੀਲ ਜਥੇਬੰਦੀ ਪ੍ਰਧਾਨ ਕਮਲਜੀਤ ਕੌਰ ਮਧੇਕੇ ਨੇ ਦੱਸਿਆ ਕਿ ਕੁੱਕ ਬੀਬੀਆਂ ਕੋਲੋਂ 19 ਅਤੇ 20 ਫਰਵਰੀ ਨੂੰ ਪੋਲਿੰਗ ਸਟਾਫ ਲਈ ਖਾਣਾ ਬਣਾਉਣ ਦੀ ਡਿਊਟੀ ਲਈ ਗਈ ਹੈ ਪਰ ਉਨ੍ਹਾਂ ਨੂੰ ਕੋਈ ਮਿਹਨਤਾਨਾ ਨਹੀਂ ਦਿੱਤਾ ਗਿਆ। ਉਨ੍ਹਾਂ ਖਾਣਾ ਤਿਆਰ ਕਰਨ ਤੋਂ ਇਲਾਵਾ ਦੇ ਰਾਤ ਤੱਕ ਪਰੋਸਣ ਦੀ ਵੀ ਡਿਊਟੀ ਨਿਭਾਈ। ਉਨ੍ਹਾਂ ਦਾਅਵਾ ਕੀਤਾ ਕਿ ਸਕੂਲਾਂ ਵਿੱਚ ਵੀ ਉਨ੍ਹਾਂ ਕੋਲੋਂ ਫ਼ਾਲਤੂ ਕੰਮ ਲਿਆ ਜਾਂਦਾ ਸੀ ਤਾਂ ਉਨ੍ਹਾਂ ਵੱਲੋਂ ਸੰਘਰਸ਼ ਕਰਨ ਉੱਤੇ ਸਾਲ 2018 ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਦਖ਼ਲ ਬਾਅਦ ਵਾਧੂ ਕੰਮ ਲੈਣਾ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਤੋਂ ਕੁੱਕ ਦੀ ਡਿਊਟੀ ਲਈ ਗਈ ਅਤੇ ਕੁਝ ਕੁ ਵਰਕਰਾਂ ਨੂੰ ਹੀ ਮਿਹਨਤਾਨਾ ਦਿੱਤਾ ਗਿਆ ਸੀ।
ਇਸ ਮੌਕੇ ਜਸਵਿੰਦਰ ਕੌਰ, ਸੁਰਜੀਤ ਕੌਰ, ਰਜਨੀ, ਕਾਂਤਾ ਦੇਵੀ, ਸਰੋਜ ਬਾਲਾ, ਸਵਾਨਾ, ਰਾਕੇਸ਼, ਗੀਤਾ, ਕਰਿਸ਼ਨਾ ਦੇਵੀ, ਭਜਨ ਕੌਰ ਸੰਦੀਪ ਕੌਰ, ਕਿਰਨ, ਪਰਮਜੀਤ ਕੌਰ, ਮਨਜੀਤ ਕੌਰ, ਵੀਰਾਂ ਦੇਵੀ, ਦਰਸ਼ਨ ਕੌਰ ਤੇ ਇੰਦਰਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕੁੱਕ ਬੀਬੀਆਂ ਨੇ ਸ਼ਿਰਕਤ ਕੀਤੀ।