ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 4 ਅਗਸਤ
ਤਹਿਸੀਲ ਦੇ ਪਿੰਡ ਦੀਨਾ ਸਾਹਿਬ, ਖਾਈ, ਰੌਂਤਾ ਤੇ ਕਿਸ਼ਨਗੜ੍ਹ ਦੀ ਹੱਦ ਵਿੱਚ ਪੈਂਦੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਰਹਿਤ ਮਰਿਆਦਾ ਅਤੇ ਸਤਿਕਾਰ ਦੇ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਧਾਨ ਦਰਮਿਆਨ ਤਕਰਾਰ ਹੋ ਗਿਆ। ਘਟਨਾ ਦਾ ਪਤਾ ਲਗਦਿਆਂ ਮੌਕੇ ’ਤੇ ਪੁੱਜੇ ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਮਾਮਲਾ ਸ਼ਾਂਤ ਕਰਵਾਇਆ।
ਗੁਰਦੁਆਰਾ ਚਰਨ ਕੰਵਲ ਵਿੱਚ ਪੁੱਜੇ ਅੰਮ੍ਰਿਤ ਸੰਚਾਰ ਜਥਾ ਦਮਦਮੀ ਟਕਸਾਲ ਦੇ ਅਵਤਾਰ ਸਿੰਘ ਘੋਲੀਆ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਰਾਜਾ ਸਿੰਘ ਖੁਖਰਾਣਾ, ਯੂਨਾਈਟਿਡ ਅਕਾਲੀ ਦਲ ਦੇ ਜਸਵਿੰਦਰ ਸਿੰਘ ਅਤੇ ਏਕਨੂਰ ਖਾਲਸਾ ਫੌ਼ੌਜ ਦੇ ਭਾਈ ਹਰਦੀਪ ਸਿੰਘ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਗੁਰਦੁਆਰਾ ਚਰਨ ਕੰਵਲ ਵਿੱਚ ਪੂਰਨ ਰਹਿਤ ਮਰਿਆਦਾ ਨਹੀਂ ਰੱਖੀ ਜਾ ਰਹੀ ਅਤੇ ਨਾ ਹੀ ਏਥੇ ਕੋਈ ਸੁਰੱਖਿਆ ਦਾ ਪ੍ਰਬੰਧ ਹੈ। ਗੁਰਦੁਆਰਾ ਖੇਤਾਂ ਵਿੱਚ ਹੋਣ ਕਰ ਕੇ ਕੋਈ ਸੁਰੱਖਿਆ ਦਾ ਵੀ ਪ੍ਰਬੰਧ ਨਹੀਂ ਹੈ।
ਗੁਰਦੁਆਰਾ ਪ੍ਰਧਾਨ ਸੇਵਕ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਸਿੱਖ ਆਗੂਆਂ ਨਾਲ ਬੀੜ ਨੂੰ ਲਿਜਾਣ ਤੋਂ ਤਕਰਾਰ ਵੀ ਹੋਇਆ। ਪ੍ਰਧਾਨ ਸੇਵਕ ਸਿੰਘ ਨੇ ਕਿਹਾ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਤਿਕਾਰ ਕੀਤਾ ਜਾਂਦਾ ਹੈ।
ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਸੂਝ ਬੂਝ ਨਾਲ ਮਾਮਲਾ ਸ਼ਾਂਤ ਕਰ ਲਿਆ। ਸਿੱਖ ਜਥੇਬੰਦੀਆਂ ਦੇ ਆਗੂਆਂ ਤੇ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਫ਼ੈਸਲਾ ਕੀਤਾ ਕਿ ਚਾਰ ਪਿੰਡਾਂ ਤੋਂ ਬਾਹਰ ਵਾਰ ਖੇਤਾਂ ਵਿੱਚ ਹੋਣ ਕਰ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਣ, ਪੱਕਾ ਗ੍ਰੰਥੀ ਸਿੰਘ ਅਤੇ ਪੰਜ-ਸੱਤ ਸੇਵਾਦਾਰ ਲਾਜ਼ਮੀ ਹੋਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। ਇਸ ਮਗਰੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਗੁਰਦੁਆਰਾ ਨਾਨਕਸਰ ਰੌਂਤਾ ਵਿੱਚ ਸ਼ੁਸ਼ੋਭਿਤ ਕਰ ਦਿੱਤਾ ਗਿਆ ਹੈ।