ਪੱਤਰ ਪ੍ਰੇਰਕ
ਲੰਬੀ, 22 ਅਗਸਤ
ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ ਵਿੱਚ ਬੀਤੀ ਰਾਤ ਟਰੱਕ ਆਪ੍ਰੇਟਰਾਂ ਅਤੇ ਮੁਨਸ਼ੀ ਵਿਚਾਲੇ ਝਗੜਾ ਹੋਇਆ, ਜਿਸ ਵਿੱਚ ਤਿੰਨ ਜਣੇ ਜ਼ਖ਼ਮੀ ਹੋਏ ਹਨ। ਇਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਦੋ ਕਾਰਾਂ ਦੀ ਭੰਨ-ਤੋੜ ਕੀਤੀ ਗਈ। ਇੱਕ ਕਾਰ ‘ਤੇ ਲੱਗੀਆਂ ਗੋਲੀਆਂ ਦੀ ਪੁਲੀਸ ਜਾਂਚ ਕਰ ਰਹੀ ਹੈ। ਮੁਨਸ਼ੀ ਰਾਕੇਸ਼ ਉਰਫ਼ ਕਾਲੂ ਨੇ ਦੱਸਿਆ ਕਿ ਸੱਤਾਪੱਖੀ ਟਰੱਕ ਆਪ੍ਰੇਟਰਾਂ ਅਤੇ ਉਸਦੇ ਸਾਥੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ, ਜਿਸ ਵਿੱਚ ਉਸ ਦੀ ਮਾਰ-ਕੁੱਟ ਕੀਤੀ ਗਈ ਅਤੇ ਉਸ ਦੀ ਕਾਰ ਦੀ ਭੰਨਤੋੜ ਕੀਤੀ ਗਈ। ਉਸਨੇ ਦੋਸ਼ ਲਾਇਆ ਕਿ ਕੁਝ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਵੀ ਚਲਾਈਆਂ। ਜਖ਼ਮੀਆਂ ਦੀ ਪਛਾਣ ਜਸ਼ਨਦੀਪ ਸਿੰਘ, ਜਗਤਾਰ ਸਿੰਘ ਅਤੇ ਸਰਬਜੀਤ ਸਿੰਘ ਦੱਸੀ ਗਈ ਹੈ। ਪੁਲੀਸ ਨੇ ਜਸ਼ਨਦੀਪ ਦੇ ਬਿਆਨਾਂ ‘ਤੇ ਜਗਤਾਰ ਸਿੰਘ, ਸਰਬਜੀਤ ਸਿੰਘ, ਰਿੰਕੂ, ਗੁਰਪਿੰਦਰ ਸਿੰਘ ਅਤੇ ਅਣਪਛਾਤੇ ਵਿਅਕਤੀ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ।