ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 24 ਜਨਵਰੀ
ਬਠਿੰਡਾ ਡਬਵਾਲੀ ਨੈਸ਼ਨਲ ਹਾਈਵੇਅ ਦੇ ਨਾਲ ਚਲਦੀ ਲਸਾੜਾ ਡਰੇਨ ਦਾ ਪਾਣੀ ਖਤਰੇ ਦੇ ਨਿਸ਼ਾਨ ਤੋੜ ਕੇ ਪਿੰਡ ਪਥਰਾਲਾ ਦੇ ਬੱਸ ਸਟੈਂਡ ਅਤੇ ਨੈਸ਼ਨਲ ਹਾਈਵੇਅ ਸੜਕ ’ਤੇ ਪੂਰੀ ਤਰ੍ਹਾਂ ਭਰ ਚੁੱਕਿਆ ਹੈ। ਇਸ ਕਰਕੇ ਪਿੰਡ ਪਥਰਾਲਾ ਦਾ ਆਉਣ ਜਾਣ ਵਾਲਾ ਰਸਤਾ ਬਿਲਕੁਲ ਬੰਦ ਹੋ ਚੁੱਕਿਆ ਹੈ। ਨਾਲੇ ਦਾ ਪਾਣੀ ਜਿੱਥੇ ਬਹੁਤ ਜ਼ਿਆਦਾ ਦੂਸ਼ਿਤ ਹੈ, ਉਥੇ ਹੀ ਇਸ ਪਾਣੀ ਨੇ ਨੇੜਲੇ ਸਾਰੇ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ ਹੈ ਜੋ ਕਿ ਹੁਣ ਪੀਣਯੋਗ ਨਹੀਂ ਰਿਹਾ। ਨਾਲੇ ਦਾ ਪਾਣੀ ਇਸ ਹੱਦ ਤੱਕ ਵੱਧ ਚੁੱਕਿਆ ਹੈ ਕਿ ਕਦੋਂ ਵੀ ਰਾਤ ਜਾਂ ਦਿਨ ਦੇ ਸਮੇਂ ਪਿੰਡ ਵਿੱਚ ਦਾਖ਼ਲ ਹੋ ਸਕਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਬਹੁਤ ਵਾਰ ਲਿਆਂਦਾ ਗਿਆ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਇਸ ਨੂੰ ਆਪਣੀ ਜ਼ਿੰਮੇਵਾਰੀ ਨਹੀਂ ਸਮਝਿਆ। ਬਠਿੰਡਾ ਦਿਹਾਤੀ ਤੋਂ ਕਾਂਗਰਸੀ ਉਮੀਦਵਾਰ ਹਰਵਿੰਦਰ ਸਿੰਘ ਲਾਡੀ ਨੇ ਮੌਕੇ ’ਤੇ ਪਹੁੰਚ ਕੇ ਮੌਕਾ ਦੇਖਿਆ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਗੱਟਿਆਂ ਵਿੱਚ ਮਿੱਟੀ ਭਰ ਕੇ ਬੰਨ੍ਹ ਲਗਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ। ਉਨ੍ਹਾਂ ਵਿਸ਼ਵਾਸ ਦਿਵਾਇਆ ਹੈ ਕਿ ਫੌਰੀ ਤੌਰ ਤੇ ਪਹੁੰਚ ਕੇ ਸਾਰੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਪਾਣੀ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਪਿੰਡ ਵਾਸੀ ਇਕਬਾਲ ਸਿੰਘ ਸਹਾਰਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਬੰਧਿਤ ਵਿਭਾਗ ਦੇ ਐਕਸੀਅਨ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਸੀ ਪਰ ਹੁਣ ਤੱਕ ਕਿਸੇ ਨੇ ਆ ਕੇ ਪਿੰਡ ਦੀ ਸਾਰ ਨਹੀਂ ਲਈ।
ਸਥਿਤੀ ਕੰਟਰੋਲ ਹੇਠ ਹੈ: ਐੱਸਡੀਓ
ਡਰੇਨ ਵਿਭਾਗ ਦੇ ਐੱਸਡੀਓ ਜਸਵਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਡਰੇਨ ਵਿੱਚ ਬੰਨ੍ਹ ਲਗਾਇਆ ਹੋਇਆ ਹੈ ਜਿਸ ਕਰਕੇ ਪਾਣੀ ਦਾ ਨਿਕਾਸ ਅੱਗੇ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਅਜਿਹੀ ਸਥਿਤੀ ਬਣੀ ਹੈ। ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਹੀ ਮੌਜੂਦ ਹਨ ਅਤੇ ਸਥਿਤੀ ਕੰਟਰੋਲ ਹੇਠ ਹੈ।